*ਵਧੀਕ ਡਿਪਟੀ ਕਮਿਸ਼ਨਰ ਨੇ ਸਵਾਈਨ ਫਲੂ ਤੋਂ ਬਚਾਅ ਅਤੇ ਸਾਵਧਾਨੀਆਂ ਬਾਰੇ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ*

0
26

ਮਾਨਸਾ, 14 ਦਸੰਬਰ: (ਸਾਰਾ ਯਹਾਂ/ਬੀਰਬਲ ਧਾਲੀਵਾਲ)
ਸਵਾਈਨ ਫਲੂ ਤੋਂ ਬਚਾਅ ਲਈ ਸਿਹਤ ਵਿਭਾਗ ਸਮੇਤ ਹੋਰ ਵੱਖ ਵੱਖ ਵਿਭਾਗੀ ਅਧਿਕਾਰੀਆਂ ਨਾਲ ਵਧੀਕ ਡਿਪਟੀ ਕਮਿਸ਼ਨਰ(ਜ) ਸ੍ਰੀ ਨਿਰਮਲ ਓਸੇਪਚਨ ਵੱਲੋਂ ਮੀਟਿੰਗ ਕੀਤੀ ਗਈ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਵਧਾਨੀਆਂ ਵਰਤ ਕੇ ਸਵਾਇਨ ਫਲੂ ਤੋਂ ਬਚਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਆਸ਼ਾ ਵਰਕਰਾਂ ਵੱਲੋਂ ਘਰ ਘਰ ਜਾ ਕੇ ਆਮ ਲੋਕਾਂ ਨੂੰ ਸਵਾਈਨ ਫਲੂ ਸਬੰਧੀ ਜਾਗਰੂਕ ਕੀਤਾ ਜਾਵੇ। ਉਨ੍ਹਾਂ ਸਵਾਈਨ ਫਲੂ ਕਾਰਨਰ ਬਣਾਉਣ, ਆਈਸੋਲੇਸ਼ਨ ਬੈਡਜ, ਆਕਸੀਜਨ ਗੈਸ ਸਿਲੰਡਰ ਸਪਲਾਈ, ਪੀ. ਐਸ. ਏ. ਪਲਾਂਟ, ਆਕਸੀਜਨ ਕੰਨਸਨਟਰੈਕਟਰਜ ਅਤੇ ਜਿਆਦਾ ਮਾਤਰਾ ਵਿੱਚ ਐਨ-95 ਮਾਸਕ ਅਤੇ ਪੀ.ਪੀ.ਈ ਕਿੱਟਸ ਤਿਆਰ ਰੱਖਣ ਦੀ ਹਦਾਇਤ ਕੀਤੀ।
ਜ਼ਿਲ੍ਹਾ ਐਪੀਡਿਮੋਲੋਜਿਸਟ ਸੰਤੋਸ਼ ਭਾਰਤੀ ਨੇ ਸਵਾਇਨ ਫਲੂ ਦੇ ਮੁੱਖ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਤੇਜ ਬੁਖਾਰ, ਖਾਂਸੀ, ਜੁਕਾਮ, ਛਿੱਕਾਂ ਆਉਣੀਆਂ, ਨੱਕ ਵਗਣਾ, ਗਲੇ ਵਿੱਚ ਦਰਦ, ਸਾਹ ਲੈਣ ਵਿਚ ਤਕਲੀਫ ,ਦਸਤ ਲੱਗਣਾ, ਸਰੀਰ ਟੁੱਟਦਾ ਮਹਿਸੂਸ ਹੋਣਾ ਆਦਿ ਇਸ ਦੇ ਮੁੱਖ ਲੱਛਣ ਹੁੰਦੇ ਹਨ ਅਜਿਹੇ ਲੱਛਣ ਹੋਣ ’ਤੇ ਸਾਨੂੰ ਆਪਣੇ ਆਪ ਦਵਾਈ ਨਹੀਂ ਲੈਣੀ ਚਾਹੀਦੀ ਸਗੋਂ ਤੁਰੰਤ ਨੇੜੇ ਦੀ ਸਿਹਤ ਸੰਸਥਾ ਵਿਖੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਸਵਾਈਨ ਫਲੂ ਤੋਂ ਡਰਨ ਦੀ ਲੋੜ ਨਹੀਂ ਸਗੋਂ ਇਸ ਤੋਂ ਬਚਾਅ ਅਤੇ ਇਸ ਦੇ ਤੁਰੰਤ ਇਲਾਜ਼ ਲਈ ਉਪਰਾਲੇ ਕਰਨ ਦੀ ਲੋੜ ਹੈ।
ਉਨ੍ਹਾਂ ਦੱਸਿਆ ਕਿ ਸਵਾਇਨ ਫਲੂ ਐਚ 1.ਐਨ 1 ਨਾਮ ਦੇ ਵਿਸ਼ੇਸ਼ ਵਿਸ਼ਾਣੂ ਰਾਹੀਂ ਹੁੰਦਾ ਹੈ ਜੋ ਕਿ ਇੱਕ ਤੋਂ ਦੂਜੇ ਮਨੁੱਖ ਵਿਚ ਸਾਹ ਰਾਹੀਂ ਫੈਲਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਚਣ ਲਈ ਖੰਘਦੇ ਜਾਂ ਛਿੱਕਦੇ ਹੋਏ ਆਪਣਾ ਮੂੰਹ ਅਤੇ ਨੱਕ ਰੁਮਾਲ ਨਾਲ ਢੱਕ ਕੇ ਰੱਖੋ, ਆਪਣਾ ਨੱਕ ਅੱਖਾਂ ਅਤੇ ਮੂੰਹ ਨੂੰ ਛੂਹਣ ਤੋਂ ਪਹਿਲਾਂ ਤੇ ਬਾਅਦ ਵਿੱਚ ਆਪਣੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ, ਭੀੜ ਵਾਲੀਆਂ ਥਾਵਾਂ ’ਤੇ ਨਾ ਜਾਓ, ਖੰਗ, ਵਗਦਾ ਨੱਕ, ਛਿੱਕਾਂ ਅਤੇ ਬੁਖਾਰ ਨਾਲ ਪੀੜਤ ਵਿਅਕਤੀ ਤੋਂ ਦੂਰੀ ਬਣਾ ਕੇ ਰੱਖੋ, ਪੀਣ ਵਾਲੀਆਂ ਚੀਜ਼ਾਂ ਦਾ ਜਿਆਦਾ ਇਸਤੇਮਾਲ ਕਰੋ, ਫਲੂ ਦੇ ਲੱਛਣਾਂ ਵਾਲੇ ਮਰੀਜ਼ ਨਾਲ ਹੱਥ ਨਾ ਮਿਲਾਓ, ਬਾਹਰ ਅਤੇ ਖੁੱਲੇ ਮੈਦਾਨ ਵਿੱਚ ਨਾ ਥੁੱਕੋ।
 ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਇਸਦਾ ਟੈਸਟ ਅਤੇ ਦਵਾਈਆਂ ਮੁਫਤ ਉਪਲਬਧ ਕਰਵਾਈਆਂ ਜਾਂਦੀਆਂ ਹਨ , ਲੋੜ ਪੈਣ ’ਤੇ ਸਾਨੂੰ ਇਸ ਦਾ ਵੱਧ ਤੋਂ ਵੱਧ ਫਾਇਦਾ ਉਠਾਉਣਾ ਚਾਹੀਦਾ ਹੈ।
ਇਸ ਮੌਕੇ ਸ੍ਰ ਹਰਿੰਦਰ ਸਿੰਘ ਭੁੱਲਰ ਜ਼ਿਲ੍ਹਾ ਸਿੱਖਿਆ ਅਫਸਰ (ਸੈ), ਡਾ ਜੀਵਨ ਕੁਮਾਰ  ਐਮ.ਡੀ., ਡਾ ਕਮਲਪ੍ਰੀਤ ਕੌਰ ਬਰਾੜ ਐਮ.ਡੀ.ਡਾ ਵੇਦ ਪ੍ਰਕਾਸ਼ ਐਮ.ਐਮ.ਓ.ਸਰਦੂਲਗੜ੍ਹ, ਗੁਰਚੇਤਨ ਪ੍ਰਕਾਸ਼ ਸੀਨੀਅਰ ਮੈਡੀਕਲ ਅਫਸਰ ਬੁਢਲਾਡਾ, ਜ਼ਿਲ੍ਹਾ ਪ੍ਰੋਗਰਾਮ ਮੇਨੈਜਰ ਅਵਤਾਰ ਸਿੰਘ ਤੋਂ ਇਲਾਵਾ ਧੰਨਾ ਮੱਲ ਗੋਇਲ ਪ੍ਰਾਈਵੇਟ ਪ੍ਰੈਕਟਿਸਨਰ ਵੀ ਹਾਜ਼ਰ ਸਨ ।

LEAVE A REPLY

Please enter your comment!
Please enter your name here