ਮਾਨਸਾ/ਬੁਢਲਾਡਾ, 17 ਦਸੰਬਰ (ਸਾਰਾ ਯਹਾ /ਅਮਨ ਮਹਿਤਾ): ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅਮਰਪ੍ਰੀਤ ਕੋਰ ਸੰਧੂ ਵੱਲੋਂ ਬਲਾਕ ਬੁਢਲਾਡਾ ਦੇ ਪਿੰਡਾਂ ਵਿੱਚ ਮਗਨਰੇਗਾ ਸਕੀਮ, ਸਮਾਰਟ ਵਿਲੇਜ ਕੰਪੇਨ ਅਤੇ ਆਂਗਣਵਾੜੀ ਸੈਂਟਰਾਂ ਦਾ ਨਿਰੀਖਣ ਕੀਤਾ ਗਿਆ। ਉਹਨਾਂ ਵੱਲੋਂ ਗ੍ਰਾਮ ਪੰਚਾਇਤ ਬੀਰੋਕੇ ਕਲਾਂ ਵਿਖੇ ਸਟੇਡੀਅਮ ਦੀ ਉਸਾਰੀ ਦਾ ਕੰਮ, ਪਾਰਕ ਦੀ ਉਸਾਰੀ ਦਾ ਕੰਮ ਅਤੇ ਆਂਗਣਵਾੜੀ ਸੈਂਟਰ ਵਿੱਚ ਪਖਾਨੇ ਅਤੇ ਸਾਫ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਸਬੰਧੀ ਜਾਇਜ਼ਾ ਲਿਆ ਗਿਆ। ਇਸ ਤੋਂ ਇਲਾਵਾ ਉਹਨਾਂ ਵੱਲੋਂ ਪਿੰਡ ਗੁੜੱਦੀ ਵਿਖੇ ਸਟੇਡੀਅਮ ਦੀ ਉਸਾਰੀ ਅਤੇ ਆਂਗਣਵਾੜੀ, ਪਿੰਡ ਦੋਦੜਾ ਵਿਖੇ ਸਟੇਡੀਅਮ ਦੀ ਉਸਾਰੀ, ਸੀਚੇਵਾਲ ਮਾਡਲ ਦਾ ਕੰਮ ਅਤੇ ਆਂਗਣਵਾੜੀ ਸੈਂਟਰ ਵਿੱਚ ਸਹੂਲਤਾਂ ਸਬੰਧੀ ਨਿਰੀਖਣ ਕੀਤਾ ਗਿਆ। ਪਿੰਡ ਬੱਛੋਆਣਾ ਵਿਖੇ ਮਾਡਲ ਛੱਪੜ ਦਾ ਕੰਮ, ਪਿੰਡ ਦਾਤੇਵਾਸ ਵਿਖੇ ਸਟੇਡੀਅਮ ਅਤੇ ਆਂਗਣਵਾੜੀ ਸੈਂਟਰ, ਪਿੰਡ ਗੋਬਿੰਦਪੁਰਾ ਵਿਖੇ ਮਾਡਲ ਪੋਂਡ ਦੇ ਕੰਮ ਦਾ ਵੀ ਨਿਰੀਖਣ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਵੱਖ ਵੱਖ ਪਿੰਡਾਂ ਵਿੱਚ ਸਵੱਛ ਭਾਰਤ ਮਿਸ਼ਨ ਅਤੇ 15ਵੇਂ ਵਿੱਤ ਕਮਿਸ਼ਨ ਦੇ ਫੰਡਾਂ ਨਾਲ ਕਮਿਊਨਿਟੀ ਸੈਨੇਟਰੀ ਕੰਪਲੈਕਸ ਅਤੇ ਸੋਕ ਪਿੱਟ ਬਣਾਉਣ ਸਬੰਧੀ ਵੀ ਕੰਮਾਂ ਦਾ ਹਾਜਰ ਅਧਿਕਾਰੀਆਂ ਨਾਲ ਜਾਇਜ਼ਾ ਲਿਆ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੱਲੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ, ਜ਼ਿਲ੍ਹਾ ਪੋ੍ਰਗਰਾਮ ਦਫ਼ਤਰ ਦੇ ਅਧਿਕਾਰੀਆਂ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਹਿਲ ਦੇ ਆਧਾਰ ਤੇ ਆਂਗਣਵਾੜੀ ਸੈਂਟਰਾਂ ਵਿੱਚ ਪਖਾਨੇ ਅਤੇ ਸਾਫ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨਾ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਪਿੰਡਾਂ ਵਿੱਚ ਚੱਲ ਰਹੇ ਕੰਮਾਂ ਸਬੰਧੀ ਹਦਾਇਤ ਕੀਤੀ ਕਿ ਕੰਮਾਂ ਲਈ ਵਧੀਆ ਕੁਆਲਿਟੀ ਦੇ ਮਟੀਰੀਅਲ ਦੀ ਵਰਤੋਂ ਕੀਤੀ ਜਾਵੇ ਅਤੇ ਸਮਾਂ ਬੱਧ ਤਰੀਕੇ ਨਾਲ ਪੂਰਾ ਕੀਤਾ ਜਾਵੇ ਤਾਂ ਜੋ ਕੰਮਾਂ ਦੀ ਅਸਲ ਸਹੂਲਤ ਆਮ ਲੋਕਾਂ ਨੂੰ ਮੁਹੱਈਆ ਕਰਵਾਈ ਜਾ ਸਕੇ। ਉਨ੍ਹਾਂ ਹਾਜਰ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਅਗਲੇ ਹਫਤੇ ਉਨ੍ਹਾਂ ਵੱਲੋਂ ਮੁੜ ਇਨ੍ਹਾਂ ਕੰਮਾਂ ਦੀ ਪ੍ਰਗਤੀ ਸਬੰਧੀ ਨਿਰੀਖਣ ਕੀਤਾ ਜਾਵੇਗਾ।
ਇਸ ਮੌਕੇ ਉਹਨਾਂ ਨਾਲ ਸ਼੍ਰੀ ਗੁਰਦਰਸ਼ਨ ਸਿੰਘ ਕੁੰਡਲ, ਉੱਪ ਮੁੱਖ ਕਾਰਜਕਾਰੀ ਅਫ਼ਸਰ, ਜ਼ਿਲ੍ਹਾ ਪ੍ਰੀਸ਼ਦ ਮਾਨਸਾ, ਸ਼੍ਰੀ ਰਵਿੰਦਰ ਬਾਂਸਲ, ਕਾਰਜਕਾਰੀ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਜ਼ਿਲਾ੍ਹ ਪ੍ਰੋਗਰਾਮ ਦਫਤਰ, ਪੰਚਾਇਤ ਵਿਭਾਗ ਅਤੇ ਮਗਨਰੇਗਾ ਦੇ ਅਧਿਕਾਰੀ ਹਾਜਰ ਸਨ।