ਮਾਨਸਾ, 04 ਨਵੰਬਰ: (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):
ਪਿੰਡ ਦਲੇਲ ਸਿੰਘ ਵਾਲਾ ਵਿਖੇ ਖੇਤਾਂ ਵਿੱਚ ਪਰਾਲੀ ਨੂੰ ਲੱਗੀ ਅੱਗ ’ਤੇ ਤੁਰੰਤ ਐਕਸ਼ਨ ਲੈਂਦਿਆਂ ਮੌਕੇ ’ਤੇ ਹੀ ਫਾਇਰ ਬ੍ਰਿਗੇਡ ਬੁਲਾ ਕੇ ਬੁਝਾਇਆ ਗਿਆ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਚਲਾਈ ਗਈ ਮੁਹਿੰਮ ਤਹਿਤ ਉਹ ਰੋਜ਼ਾਨਾ ਵੱਖ ਵੱਖ ਪਿੰਡਾਂ ਵਿਚ ਜਾ ਕੇ ਜਾਇਜ਼ਾ ਲੈ ਰਹੇ ਹਨ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕਿਤੇ ਵੀ ਕੋਈ ਕਿਸਾਨ ਪਰਾਲੀ ਨੂੰ ਅੱਗ ਨਾ ਲਗਾਵੇ। ਉਨ੍ਹਾਂ ਪਿੰਡ ਬੁਰਜ ਹਰੀ, ਮੂਲਾ ਸਿੰਘ ਵਾਲਾ, ਤਾਮਕੋਟ, ਦਲੇਲ ਸਿੰਘ ਵਾਲਾ ਵਿਖੇ ਖੇਤਾਂ ਦਾ ਦੌਰਾ ਕੀਤਾ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡ ਦਲੇਲ ਸਿੰਘ ਵਾਲਾ ਵਿਖੇ ਕਰੀਬ 5 ਏਕੜ ਰਕਬੇ ਵਿਚ ਪਰਾਲੀ ਨੂੰ ਅੱਗ ਲਗਾਈ ਹੋਈ ਸੀ ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਫਾਇਰ ਬਿਰਗੇਡ ਬੁਲਾ ਕੇ ਅੱਗ ’ਤੇ ਕਾਬੂ ਪਾਇਆ ਗਿਆ ਅਤੇ ਸਬੰਧਤ ਹਲਕੇ ਦੇ ਪਟਵਾਰੀ ਨੂੰ ਬੁਲਾ ਕੇ ਖੇਤ ਮਾਲਕ ਦੀ ਜ਼ਮੀਨ ਦੇ ਰਿਕਾਰਡ ਵਿਚ ਰੈੱਡ ਐਂਟਰੀ ਦਰਜ ਕਰਵਾਈ ਗਈ ਹੈ।
ਇਸ ਦੌਰਾਨ ਉਨ੍ਹਾਂ ਪਿੰਡ ਬੁਰਜ ਹਰੀ ਵਿਖੇ ਕਿਸਾਨ ਭੋਲਾ ਸਿੰਘ ਦੇ ਖੇਤ ਵਿੱਚ ਸਰਫੇਸ਼ ਸੀਡਰ ਨਾਲ ਹੋ ਰਹੇ ਪਰਾਲੀ ਪ੍ਰਬੰਧਨ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਕਿਹਾ ਕਿ ਇਹ ਇੱਕ ਨਵੀਂ ਤਕਨੀਕ ਹੈ, ਜ਼ੋ ਕਿ ਪਰਾਲੀ ਪ੍ਰਬੰਧਨ ਵਿੱਚ ਬਹੁਤ ਲਾਹੇਵੰਦ ਸਿੱਧ ਹੋ ਰਹੀ ਹੈ ਅਤੇ ਇਸ ਨਾਲ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਸ ਉਪਰੰਤ ਉਨ੍ਹਾਂ ਪਿੰਡ ਦਲੇਲ ਸਿੰਘ ਵਾਲੇ ਵਿਖੇ ਕਿਸਾਨ ਭਗਵੰਤ ਸਿੰਘ ਦੇ ਖੇਤ ਵਿੱਚ ਪਰਾਲੀ ਪ੍ਰਬੰਧਨ ਦਾ ਜਾਇਜਾ ਲਿਆ ਗਿਆ। ਇਥੇ ਕਿਸਾਨ ਵੱਲੋਂ ਆਪਣੇ 15 ਏਕੜ ਰਕਬੇ ਵਿੱਚ ਹੈਪੀ ਸੀਡਰ ਮਸ਼ੀਨ ਨਾਲ ਕਣਕ ਦੀ ਬਿਜਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸੇ ਹੀ ਪਿੰਡ ਦੇ ਕਿਸਾਨ ਬਾਦਲ ਸਿੰਘ ਵੱਲੋਂ ਆਪਣੇ 17 ਏਕੜ ਰਕਬੇ ਵਿੱਚ ਝੋਨੇ ਦੀ ਪਰਾਲੀ ਦੀਆਂ ਬੇਲਰ ਦੁਆਰਾ ਗੰਢਾਂ ਬਣਾਕੇ ਪਰਾਲੀ ਦਾ ਪ੍ਰਬੰਧਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਤਾਮਕੋਟ ਵਿਖੇ ਕਿਸਾਨ ਜਸਵਿੰਦਰ ਸਿੰਘ ਦੇ 18 ਏਕੜ ਰਕਬੇ ਵਿੱਚ ਸੁਪਰ ਸੀਡਰ ਦੁਆਰਾ ਪਰਾਲੀ ਦਾ ਪ੍ਰਬੰਧਨ ਕਰਕੇ ਕਣਕ ਦੀ ਬਿਜਾਈ ਕੀਤੀ ਜਾ ਰਹੀ ਹੈ। ਪਿੰਡ ਮੂਲਾ ਸਿੰਘ ਵਾਲਾ ਵਿਖੇ ਉਨ੍ਹਾਂ ਬੇਲਿੰਗ ਨਾਲ ਕੀਤੇ ਜਾ ਰਹੇ ਪਰਾਲੀ ਪ੍ਰਬੰਧਨ ਦਾ ਜਾਇਜ਼ਾ ਲਿਆ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਵੱਖ—ਵੱਖ ਮਸ਼ੀਨਾਂ ਦੁਆਰਾ ਪਰਾਲੀ ਦਾ ਵਧੀਆ ਤਰੀਕੇ ਨਾਲ ਸੁਚੱਜਾ ਪ੍ਰਬੰਧਨ ਕੀਤਾ ਜਾ ਸਕਦਾ ਹੈ, ਇਸ ਲਈ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨ ਚਾਹੀਦਾ ਹੈ।
ਇਸ ਮੌਕੇ ਖੇਤੀਬਾੜੀ ਵਿਭਾਗ ਵੱਲੋਂ ਡਾ. ਮਨੋਜ਼ ਕੁਮਾਰ, ਖੇਤੀਬਾੜੀ ਅਫਸਰ, ਡਾ. ਹਰਮਨਦੀਪ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਸ੍ਰੀ ਸੁਖਜਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਸ੍ਰੀ ਗੁਰਬਖਸ ਸਿੰਘ, ਖੇਤੀਬਾੜੀ ਉਪ ਨਿਰੀਖਕ, ਸ੍ਰੀ ਸੁਖਵਿੰਦਰ ਸਿੰਘ, ਖੇਤੀਬਾੜੀ ਉਪ ਨਿਰੀਖਕ, ਸਹਿਕਾਰੀ ਸਭਾਵਾ ਦਫਤਰ ਵੱਲੋਂ ਸ੍ਰੀ ਮਾਲਵਿੰਦਰ ਸਿੰਘ ਇੰਸਪੈਕਟਰ, ਸ੍ਰੀ ਨਾਜਰ ਸਿੰਘ ਸਕੱਤਰ, ਸ੍ਰੀ ਨਿਰਮਲ ਸਿੰਘ ਪ੍ਰਧਾਨ, ਸਹਿਕਾਰੀ ਸਭਾ ਬੁਰਜ ਹਰੀ ਅਤੇ ਪਿੰਡਾਂ ਦੇ ਮੋਹਤਬਰ ਕਿਸਾਨ ਹਾਜਰ ਸਨ।