ਬਰੇਟਾ ,02 ਅਗਸਤ(ਸਾਰਾ ਯਹਾਂ/ਰੀਤਵਾਲ) ਪਿਛਲੇ ਲੰਮੇ ਸਮੇਂ ਤੋਂ ਕਰੋਨਾ ਦੀ ਦਹਿਸ਼ਤ ਨਾਲ ਹਰੇਕ
ਵਿਅਕਤੀ ਖੌਫਜਦਾ ਸੀ । ਕਰੋਨਾ ਦੀ ਦੂਜੀ ਲਹਿਰ ਨਾਲ ਅਨੇਕਾਂ ਘਰਾਂ ਦੇ ਚਿਰਾਗ
ਬੁਝ ਗਏ ਅਤੇ ਜਿਆਦਤਰ ਵਿਅਕਤੀ ਇਸ ਮਹਾਂਮਾਰੀ ਨੂੰ ਮਾਤ ਦੇਣ ਵਿੱਚ ਵੀ
ਸਫਲ ਹੋਏ । ਭਾਰਤ ਅਤੇ ਪੰਜਾਬ ਸਰਕਾਰ ਦੇ ਸਾਂਝੇ ਯਤਨਾਂ ਸਦਕਾ ਲੋਕਾਂ ਦੇ
ਸਹਿਯੋਗ ਨਾਲ ਕਰਫਿਊ ਤੇ ਲਾਕਡਾਊਨ ਲਗਾਉਂਦੇ ਹੋਏ ਲੋਕਾਂ ਦੀਆਂ ਕੀਮਤੀ
ਜਾਨਾਂ ਨੂੰ ਮਹਿਫੂਜ ਕੀਤਾ ਗਿਆ । ਜਿੱਥੇ ਇਸ ਬਿਮਾਰੀ ਨੇ ਹਰ ਵਰਗ ਦੇ ਲੋਕਾਂ
ਨੂੰ ਪ੍ਰਭਾਵਿਤ ਕੀਤਾ, ਉੱਥੇ ਹੀ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਸਕੂਲਾਂ
/ ਕਾਲਜਾਂ ਨੂੰ ਲੰਮਾ ਸਮਾਂ ਜਿੰਦਰੇ ਲੱਗੇ ਰਹੇ । ਅੱਜ ਲੱਗਭਗ ਸਵਾ ਸਾਲ ਬਾਅਦ
ਸਕੂਲਾਂ ‘ਚ ਮੁੜ ਤੋਂ ਰੌਣਕਾਂ ਪਰਤੀਆਂ ਦਿਖਾਈ ਦਿੱਤੀਆਂ । ਜਦੋਂ ਛੋਟੇ
ਛੋਟੇ ਬੱਚੇ ਵਰਦੀਆਂ ਵਿੱਚ ਸਜ ਧੱਜ ਕੇ ਸਕੂਲਾਂ ਵਿੱਚ ਬਹੁੜੇ । ਵੱਖ ਵੱਖ ਸਕੂਲਾਂ
ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਹਿਲੀ ਕਲਾਸ ਤੋਂ ਲੈ ਕੇ 9ਵੀਂ ਕਲਾਸ ਤੱਕ
ਦੇ ਵਿਦਿਆਰਥੀ ਸਕੂਲਾਂ ‘ਚ ਹਾਜ਼ਰ ਹੋਏ ਜਦਕਿ ਦਸਵੀਂ ਅਤੇ ਉਸ ਤੋਂ
ਉੱਪਰਲੀਆਂ ਕਲਾਸਾਂ ਲਈ ਸਰਕਾਰ ਵੱਲੋਂ ਕੁਝ ਦਿਨ ਪਹਿਲਾਂ ਸਕੂਲ ਖੋਲ੍ਹਣ ਦੇ
ਨਿਰਦੇਸ਼ ਦਿੱਤੇ ਗਏ ਸਨ । ਇਸਦੇ ਲਈ ਪੰਜਾਬ ਸਰਕਾਰ ਵੱਲੋਂ ਇਹ ਵੀ ਹੁਕਮ ਜਾਰੀ
ਕੀਤੇ ਗਏ ਸਨ ਕਿ ਹਰੇਕ ਅਧਿਆਪਕ ਦੇ ਕਰੋਨਾ ਵੈਕਸੀਨ ਲੱਗੀ ਹੋਣੀ ਲਾਜ਼ਮੀ ਹੈ ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਕਾਰੀ ਪ੍ਰਾਇਮਰੀ ਸਕੂਲ ਖੁਡਾਲ ਕਲਾਂ ਦੇ
ਮੁੱਖ ਅਧਿਆਪਕ ਮੈਡਮ ਜਗਦੀਪ ਕੌਰ ਨੇ ਦੱਸਿਆ ਕਿ ਅੱਜ ਸਵੇਰ ਸਮੇਂ ਸਕੂਲ
ਸਟਾਫ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਵੱਲੋਂ ਵਿਦਿਆਰਥੀਆਂ
ਦਾ ਜੋਰਦਾਰ ਸਵਾਗਤ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੇ
ਚਿਹਰੇ ਤੇ ਸਕੂਲ ਆਉਣ ਦੀ ਖੁਸ਼ੀ ਸਪੱਸ਼ਟ ਝਲਕ ਰਹੀ ਸੀ । ਸਕੂਲ ਅਧਿਆਪਕ ਜਸਵੀਰ
ਸਿੰਘ ਖੁਡਾਲ ਨੇ ਜਿੱਥੇ ਵਿਦਿਆਰਥੀਆਂ ਨੂੰ ਕਰੋਨਾ ਦੇ ਫੈਲਣ ਤੇ ਰੋਕਥਾਮ
ਦੇ ਕਾਰਨਾਂ ਤੋਂ ਜਾਣੂ ਕਰਵਾਇਆ , ਉਥੇ ਹੀ ਸਮਾਜਿਕ ਦੂਰੀ, ਮਾਸਕ ਦੀ
ਮਹੱਹਤਾ, ਸਿਰਫ ਆਪਣੀ ਚੀਜ਼ ਦੀ ਵਰਤੋਂ ਕਰਨਾ ਅਤੇ ਹੱਥਾਂ ਨੂੰ ਵਾਰ ਵਾਰ
ਸਾਬਣ ਨਾਲ ਧੋਣ ਲਈ ਸੁਚੇਤ ਕੀਤਾ । ਦੂਜੇ ਪਾਸੇ ਸਕੂਲਾਂ ਦੇ ਲੱਗਣ ਨਾਲ
ਵਿਦਿਆਰਥੀਆਂ ਦੇ ਮਾਪਿਆਂ ਵਿੱਚ ਵੀ ਖੂਬ ਉਤਸ਼ਾਹ ਵੇਖਣ ਨੂੰ ਮਿਲਿਆ
ਜੋ ਕਿ ਆਪਣੇ ਲਾਡਲਿਆਂ ਨੂੰ ਚਾਂਈ ਚਾਂਈ ਸਕੂਲ ਛੱਡਣ ਆਏ ਹੋਏ ਸਨ ।
ਇਸ ਮੌਕੇ ਗੌਰਵ ਕੁਮਾਰ, ਸੁਖਜੀਤ ਕੌਰ, ਸਕੂਲ ਦੇ ਚੇਅਰਮੈਂਨ ਗੁਰਵਿੰਦਰ
ਸਿੰਘ , ਵਾਇਸ ਚੇਅਰਮੈਂਨ ਜੋਗਾ ਸਿੰਘ ਆਦਿ ਹਾਜ਼ਰ ਸਨ ।