
ਫਗਵਾੜਾ 25 ਸਤੰਬਰ (ਸਾਰਾ ਯਹਾਂ/ਸ਼ਿਵ ਕੋੜਾ) ਲਾਇਨਜ਼ ਇੰਟਰਨੈਸ਼ਨਲ 321-ਡੀ ਦੀ ਨਵੀਂ ਬਣੀ ਲਾਇਨਜ਼ ਕਲੱਬ ਫਗਵਾੜਾ ਚੈਂਪੀਅਨ ਦੇ ਪ੍ਰਧਾਨ ਲਾਇਨ ਸੰਜੀਵ ਸੂਰੀ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਸਥਾਨਕ ਲੋਹਾ ਮੰਡੀ ਰੋਡ ’ਤੇ ਛੋਲੇ-ਕੁੱਲੇ ਦਾ ਲੰਗਰ ਲਗਾ ਕੇ ਮਨਾਈ। ਲੰਗਰ ਦਾ ਉਦਘਾਟਨ ਡਿਸਟ੍ਰਿਕਟ ਗਵਰਨਰ ਲਾਇਨ ਰਸ਼ਪਾਲ ਸਿੰਘ ਬੱਚਾਜੀਵੀ ਅਤੇ ਡਿਸਟ੍ਰਿਕਟ ਚੇਅਰਮੈਨ (ਪੀਸ ਪੋਸਟਰ) ਲਾਇਨ ਗੁਰਦੀਪ ਸਿੰਘ ਕੰਗ ਐਮ.ਜੇ.ਐਫ. ਨੇ ਸਾਂਝੇ ਤੌਰ ਤੇ ਕੀਤਾ। ਇਸ ਮੌਕੇ ਲਾਇਨ ਸੰਜੀਵ ਸੂਰੀ ਨੂੰ ਸ਼ੁੱਭ ਇੱਛਾਵਾਂ ਦੇਣ ਲਈ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨੇ ਲਾਇਨ ਸੂਰੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਆਪਣੇ ਖੁਸ਼ੀਆਂ ਭਰੇ ਪਲਾਂ ਨੂੰ ਸਮਾਜ ਸੇਵਾ ਨੂੰ ਸਮਰਪਿਤ ਕਰਨਾ ਅਤੇ ਹੋਰਨਾਂ ਨਾਲ ਸਾਂਝਾ ਕਰਨਾ ਬਹੁਤ ਹੀ ਵਧੀਆ ਅਤੇ ਪ੍ਰੇਰਨਾਦਾਇਕ ਉਪਰਾਲਾ ਹੈ। ਲਾਇਨ ਬੱਚਾਜੀਵੀ ਨੇ ਵੀ ਲਾਇਨਜ਼ ਕਲੱਬ ਫਗਵਾੜਾ ਚੈਂਪੀਅਨ ਦੇ ਪ੍ਰਧਾਨ ਸੰਜੀਵ ਸੂਰੀ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਇਸ ਉਪਰਾਲੇ ਨੂੰ ਸ਼ਲਾਘਾਯੋਗ ਦੱਸਿਆ। ਡਿਸਟ੍ਰਿਕਟ ਚੇਅਰਮੈਨ ਲਾਇਨ ਗੁਰਦੀਪ ਸਿੰਘ ਕੰਗ ਐਮ.ਜੇ.ਐਫ. ਨੇ ਸਮੂਹ ਕਲੱਬ ਮੈਂਬਰਾਂ ਨੂੰ ਲਾਇਨ ਸੰਜੀਵ ਸੂਰੀ ਤੋਂ ਪ੍ਰੇਰਨਾ ਲੈਣ ਅਤੇ ਆਪਣੀਆਂ ਖੁਸ਼ੀਆਂ ਦੂਜਿਆਂ ਨਾਲ ਸਾਂਝੀਆਂ ਕਰਨ ਦਾ ਸੁਨੇਹਾ ਦਿੱਤਾ।
