ਚੰਡੀਗੜ੍ਹ(ਸਾਰਾ ਯਹਾ, ਬਲਜੀਤ ਸ਼ਰਮਾ): ਕੋਰੋਨਾ ਵਾਇਰਸ ਕਰਕੇ ਲੌਕਡਾਊਨ ਨੇ ਡੇਅਰੀ ਤੇ ਪੋਲਟਰੀ ਫਾਰਮਰਾਂ ਤੋਂ ਇਲਾਵਾ ਸਬਜ਼ੀ ਉਤਪਾਦਕਾਂ ਨੂੰ ਵੱਡੀ ਸੱਟ ਮਾਰੀ ਹੈ। ਪੰਜਾਬ ਵਿੱਚ ਜ਼ਿਆਦਾਤਾਰ ਕਿਸਾਨ ਇਨ੍ਹਾਂ ਕੰਮਾਂ ਨੂੰ ਸਹਾਇਕ ਧੰਦਿਆਂ ਵਜੋਂ ਕਰਦੇ ਹਨ। ਇੱਕ ਪਾਸੇ ਕਣਕ ਦੀ ਫਸਲ ਰੁਲ ਰਹੀ ਹੈ ਤੇ ਦੂਜੇ ਪਾਸੇ ਸਹਾਇਕ ਧੰਦੇ ਵੀ ਝੰਬੇ ਗਏ ਹਨ। ਕਿਸਾਨਾਂ ਦੇ ਇਸ ਘਾਟੇ ਦੀ ਭਰਪਾਈ ਕਿਸੇ ਵੀ ਤਰੀਕੇ ਨਹੀਂ ਹੋ ਸਕਦੀ ਕਿਉਂਕਿ ਦੁੱਧ, ਪੋਲਟਰੀ ਉਤਪਾਦ ਤੇ ਸਬਜ਼ੀਆਂ ਨੂੰ ਸਾਂਭਿਆ ਨਹੀਂ ਜਾ ਸਕਦਾ। ਇਨ੍ਹਾਂ ਦੀ ਖਪਤ ਨਾਲੋ-ਨਾਲ ਹੋਣੀ ਜ਼ਰੂਰੀ ਹੈ।
ਸਬਜ਼ੀ ਉਤਪਾਦਕਾਂ ‘ਤੇ ਮਾਰ-
ਸ਼ਹਿਰਾਂ ਵਿੱਚ ਲੋਕਾਂ ਨੇ ਸਬਜ਼ੀਆਂ ਦੀ ਖਪਤ ਘਟਾ ਦਿੱਤੀ ਹੈ। ਇਸ ਤੋਂ ਇਲਾਵਾ ਟਰਾਂਸਪੋਟੇਸ਼ਨ ਤੇ ਮੰਡੀਕਰਨ ਦੀ ਸਮੱਸਿਆ ਕਰਕੇ ਸਬਜ਼ੀਆਂ ਸ਼ਹਿਰਾਂ ਵਿੱਚ ਲੈ ਕੇ ਜਾਣੀਆਂ ਔਖੀਆਂ ਹੋ ਗਈਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਖੀਰੇ, ਤਰ੍ਹਾਂ ਤੇ ਟਮਾਟਰ ਦੀ ਫਸਲ ਚੰਗੀ ਹੋਈ ਹੈ ਪਰ ਮੰਡੀਆਂ ਤੱਕ ਲੈ ਜਾਣ ਵਿੱਚ ਵੱਡੀ ਸਮੱਸਿਆ ਆ ਰਹੀ ਹੈ। ਸਬਜ਼ੀਆਂ ਦੀ ਲੋਕਲ ਖਪਤ ਬਹੁਤ ਘੱਟ ਹੋਣ ਕਾਰਨ ਇਨ੍ਹਾਂ ਰੇਟ ਬੇਹੱਦ ਘੱਠ ਮਿਲ ਰਿਹਾ ਹੈ। ਇਸ ਲਈ ਖਰਚ ਵੀ ਪੂਰਾ ਨਹੀਂ ਹੋ ਰਿਹਾ।
ਪੋਲਟਰੀ ਫਾਰਮਾਰ ਝੰਬੇ ਗਏ
ਕੋਰੋਨਾ ਕਰਕੇ ਲੋਕ ਮੀਟ ਤੇ ਅੰਡੇ ਖਾਣ ਤੋਂ ਗੁਰੇ ਕਰ ਰਹੇ ਹਨ। ਇਸ ਲਈ ਮੁਰਗੇ ਦਾ ਰੇਟ ਆਲੂਆਂ ਨਾਲੋਂ ਵੀ ਘਟ ਗਿਆ ਹੈ। ਬਹੁਤ ਸਾਰੇ ਕਿਸਾਨਾਂ ਨੂੰ ਤਿਆਰ ਮੁਰਗੇ ਨਸ਼ਟ ਕਰਨੇ ਪਏ ਹਨ। ਬੇਸ਼ੱਕ ਸਰਕਾਰ ਨੇ ਮੀਟ ਤੇ ਅੰਡਿਆਂ ਦੀ ਆਵਾਜਾਈ ਖੋਲ੍ਹ ਦਿੱਤੀ ਹੈ ਪਰ ਦੁਕਾਨਾਂ ਬੰਦ ਹੋਣ ਕਰਕੇ ਇਨ੍ਹਾਂ ਦੀ ਮੰਗ ਹੀ ਨਹੀਂ। ਗਰਮੀ ਆਉਣ ਕਾਰਨ ਅੰਡੇ ਜਲਦੀ ਖਰਾਬ ਹੋ ਜਾਂਦੇ ਹਨ। ਅਜਿਹੇ ਵਿੱਚ ਪੋਲਟਰੀ ਫਾਰਮਰਾਂ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ।
ਡੇਅਰੀ ਫਾਰਮਿੰਗ ਘਾਟੇਵੰਦ ਸੌਦਾ
ਡੇਅਰੀ ਫਾਰਮਿੰਗ ਦਾ ਧੰਦਾ ਵੀ ਦੁੱਧ ਦਾ ਬਣਦਾ ਮੁੱਲ ਨਾ ਮਿਲਣ ਕਾਰਨ ਘਾਟੇ ਦਾ ਸੌਦਾ ਬਣਦਾ ਜਾ ਰਿਹਾ ਹੈ। ਕਰਫਿਊ ਦੌਰਾਨ ਜਿੱਥੇ ਨੈਸਲੇ ਫੈਕਟਰੀ ਨੇ ਦੁੱਧ ਚੁੱਕਣ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ, ਉੱਥੇ ਹਲਵਾਈਆਂ ਦੀਆਂ ਦੁਕਾਨਾਂ ਬੰਦ ਹੋਣ ਕਾਰਨ ਦੁੱਧ ਦੇ ਕਾਰੋਬਾਰ ਨੂੰ ਵੱਡੀ ਸੱਟ ਲੱਗੀ ਹੈ। ਦੁੱਧ ਪਾਣੀ ਦੇ ਭਾਅ ਵਿਕ ਰਿਹਾ ਹੈ। ਅਧਿਕਾਰੀਆਂ ਨੇ ਦੁੱਧ ਦੇ ਭਾਅ ਵਿੱਚ ਆਈ ਗਿਰਾਵਟ ਨੂੰ ਆਰਜ਼ੀ ਦੱਸਦਿਆਂ ਕਿਹਾ ਕਿ ਕਰਫ਼ਿਊ ਮਗਰੋਂ ਹਲਵਾਈਆਂ ਦੀਆਂ ਦੁਕਾਨਾਂ ਖੁੱਲ੍ਹਣ ’ਤੇ ਦੁੱਧ ਦੀ ਮੰਗ ਵਧਣ ਦੇ ਨਾਲ ਭਾਅ ਵਿੱਚ ਵੀ ਵਾਧਾ ਸੰਭਵ ਹੈ।