
ਤਲਵੰਡੀ ਸਾਬੋ: ਪੰਜਾਬ ਵਿੱਚ ਗਰੀਬ ਲੋਕਾਂ ਦੇ ਕੱਟੇ ਗਏ ਆਟਾ-ਦਾਲ ਦੇ ਕਾਰਡਾਂ ਖਿਲਾਫ ਗਰੀਬ ਲੋਕਾਂ ਵੱਲੋ ਸੰਘਰਸ ਕੀਤਾ ਜਾ ਰਿਹਾ ਹੈ। ਅੱਜ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਵਿਖੇ ਵੀ ਆਯੋਗ ਕਰਾਰ ਦੇ ਕੇ ਕੱਟੇ ਗਏ ਆਟਾ-ਦਾਲ ਕਾਰਡ ਧਾਰਕ ਦੇ ਹੱਕ ਵਿੱਚ ਆਮ ਆਦਮੀ ਪਾਰਟੀ ਵੱਲੋ ਪ੍ਰਸਾਸਨ ਖਿਲਾਫ ਮੋਰਚਾ ਖੋਲਦੇ ਹੋਏ ਧਰਨਾ ਲਾਇਆ ਗਿਆ।
ਪੰਜਾਬ ਅੰਦਰ ਲੋਕਡਾਊਨ ਖੁਲਦੇ ਹੀ ਸਿਆਸਤ ਗਰਮ ਹੋ ਗਈ ਹੈ। ਇਸ ਮੋਰਚੇ ਦੀ ਅਗਵਾਈ ਹਲਕੇ ਦੀ ‘ਆਪ’ ਵਿਧਾਇਕਾ ਪ੍ਰੋ.ਬਲਜਿੰਦਰ ਕੌਰ ਨੇ ਕੀਤੀ। ਇਸ ਦੌਰਾਨ ਪ੍ਰਦਰਸਨਕਾਰੀਆਂ ਨੇ ਸਰਕਾਰ ਖਿਲਾਫ ਜੰਮ ਕੇ ਨਾਰੇਬਾਜੀ ਕੀਤੀ। ਇੱਥੇ ਆਪ ਵਿਧਾਇਕਾ ਨੇ ਕਿਹਾ ਆਟਾ ਦਾਲ ਕਾਰਡ ਪਿਛਲੇ ਕਰੀਬ ਤਿੰਨ ਸਾਲ੍ਹਾਂ ਤੋਂ ਕੱਟੇ ਗਏ ਹਨ ਅਤੇ ਉਦੋਂ ਤੋਂ ਲੋੜਵੰਦ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨਾਂ ਕਿਹਾ ਕਿ ਕੋਰੋਨਾ ਲੌਕਡਾਊਨ ਦੌਰਾਨ ਨਾ ਤਾਂ ਕੇਂਦਰ ਸਰਕਾਰ ਅਤੇ ਨਾ ਪੰਜਾਬ ਸਰਕਾਰ ਨੇ ਉਕਤ ਲੋਕਾਂ ਦੀ ਬਾਂਹ ਫੜੀ। ਆਪ ਵਿਧਾਇਕਾ ਨੇ ਚੇਤਾਵਨੀ ਦਿੱਤੀ ਕਿ ਉਹ ਉਨੀ ਦੇਰ ਤੱਕ ਸੰਘਰਸ਼ ਵਿੱਢਣਗੇ ਜਦੋਂ ਤੱਕ ਉਕਤ ਕਾਰਡ ਬਹਾਲ ਨਹੀਂ ਹੋ ਜਾਂਦੇ।
ਉਧਰ ਦੂਜੇ ਪਾਸੇ ਆਪ ਵਿਧਾਇਕਾ ਨੇ ਪ੍ਰਸਾਸਨਕ ਅਧਿਕਾਰੀਆਂ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਜਿਸ ਵਿੱਚ ਗਰੀਬ ਲੋਕਾਂ ਦੇ ਕਾਰਡ ਬਹਾਲ ਕਰਨ ਦੀ ਮੰਗ ਕੀਤੀ। ਜਦੋ ਕਿ ਪ੍ਰਸਾਸਨ ਅਧਿਕਾਰੀਆਂ ਨੇ ਭਰੋਸਾ ਦਵਾਇਆ ਕਿ ਜਾਂਚ ਉਪਰੰਤ ਆਟਾ-ਦਾਲ ਕਾਰਡ ਬਹਾਲ ਕਰ ਦਿੱਤੇ ਜਾਣਗੇ।
