*ਲੌਂਗੋਵਾਲ ਦੀ ਬਰਸੀ ਮੌਕੇ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋਏ ਕਾਂਗਰਸੀ ਮੰਤਰੀ ਤੇ ਅਕਾਲੀ ਲੀਡਰ, ਸੂਹ ਮਿਲਦਿਆਂ ਹੀ ਸੁਖਬੀਰ ਬਾਦਲ ਨੇ ਰੱਦ ਕੀਤਾ ਪ੍ਰੋਗਰਾਮ*

0
56

ਸੰਗਰੂਰ (ਸਾਰਾ ਯਹਾਂ): ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਕਾਂਗਰਸੀ ਮੰਤਰੀਆਂ ਨੂੰ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਇਸ ਦੀ ਸੂਹ ਮਿਲਦੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇੱਥੇ ਆਉਣ ਦਾ ਆਪਣਾ ਪ੍ਰੋਗਰਾਮ ਰੱਦ ਕਰ ਦਿੱਤਾ। ਕਿਸਾਨਾਂ ਨੇ ਪਹਿਲਾਂ ਹੀ ਐਲਾਨ ਕੀਤਾ ਹੋਇਆ ਸੀ ਕਿ ਉਹ ਲੀਡਰਾਂ ਦਾ ਵਿਰੋਧ ਕਰਨਗੇ।

ਦਰਅਸਲ ਪੰਜਾਬ ਸਰਕਾਰ ਵੱਲੋਂ ਸੰਤ ਲੌਂਗੋਵਾਲ ਦੀ ਬਰਸੀ ਮੌਕੇ ਅਨਾਜ ਮੰਡੀ ਲੌਂਗੋਵਾਲ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ ਹੈ। ਇਸ ਸਮਾਗਮ ਵਿੱਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਵਿਜੇਇੰਦਰ ਸਿੰਗਲਾ ਪਹੁੰਚੇ ਸੀ। ਕਾਂਗਰਸੀ ਮੰਤਰੀਆਂ ਦਾ ਕਿਸਾਨਾਂ ਵੱਲੋਂ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ ਗਿਆ। ਕਿਸਾਨ ਇੰਨੇ ਗੁੱਸੇ ਵਿੱਚ ਸੀ ਕਿ ਉਹ ਵੱਡੀ ਤਾਦਾਦ ’ਚਅਨਾਜ ਮੰਡੀ ਕੋਲ ਪੁੱਜ ਗਏ। ਉਨ੍ਹਾਂ ਨੂੰ ਪੁਲਿਸ ਨੇ ਸਖਤ ਨਾਕੇਬੰਦੀ ਕਰਕੇ ਰੋਕ ਲਿਆ ਪਰ ਕਿਸਾਨ ਪੁਲਿਸ ਦੀ ਨਾਕਾਬੰਦੀ ਉਖਾੜ ਕੇ ਅਨਾਜ ਮੰਡੀ ’ਚ ਪੁੱਜ ਗਏ।

ਪ੍ਰੋਗਰਾਮ ਖਤਮ ਹੁੰਦਿਆਂ ਜਿਉਂ ਹੀ ਮੰਤਰੀ ਗੱਡੀਆਂ ’ਚ ਬੈਠ ਕੇ ਜਾਣ ਵਾਲੇ ਸਨ ਤਾਂ ਕਿਸਾਨ ਗੱਡੀਆਂ ਦੇ ਪਿੱਛੇ ਪੈ ਗਏ ਤੇ ਦੂਰ ਤੱਕ ਗੱਡੀਆਂ ਦਾ ਪਿੱਛਾ ਕੀਤਾ। ਇਸੇ ਦੌਰਾਨ ਪੁਲਿਸ ਬੇਬੱਸ ਨਜ਼ਰ ਆਈ। ਗੱਡੀਆਂ ਭਜਾਉਣ ਕਰਕੇ ਮੰਤਰੀ ਨਿਕਲ ਗਏ। ਕਿਸਾਨ ਸਟੇਜ ਦੇ ਨਜ਼ਦੀਕ ਪੁੱਜ ਗਏ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਇਸ ਮਗਰੋਂ ਕਿਸਾਨ ਅਕਾਲੀ ਦਲ ਦੇ ਪ੍ਰੋਗਰਾਮ ਵੱਲ ਸੁਖਬੀਰ ਬਾਦਲ ਦਾ ਵਿਰੋਧ ਕਰਨ ਗੁਰਦੁਆਰਾ ਕੈਬੋਵਾਲ ਵੱਲ ਵਧ ਰਹੇ ਹਨ। ਪੁਲਿਸ ਦੇ ਦੋ ਨਾਕੇ ਕਿਸਾਨਾਂ ਨੇ ਤੋੜ ਦਿੱਤੇ। ਇਸ ਮਗਰੋਂ ਕਿਸਾਨ ਗੁਰਦੁਆਰਾ ਕੈਂਬੋਵਾਲ ਦੇ ਗੇਟ ਅੱਗੇ ਪੁੱਜੇ। ਕਿਸਾਨਾਂ ਨੇ ਐਲਾਨ ਕੀਤਾ ਕਿ ਉਹ ਸੁਖਬੀਰ ਬਾਦਲ ਨੂੰ ਗੁਰੂਘਰ ਅੰਦਰ ਦਾਖਲ ਨਹੀਂ ਹੋਣ ਦੇਣਗੇ। ਇਸ ਮੌਕੇ ਵੱਡੀ ਤਾਦਾਦ ’ਚ ਪੁਲਿਸ ਤਾਇਨਾਤ ਸੀ ਤੇ ਹਾਲਾਤ ਤਣਾਅ ਵਾਲੇ ਬਣ ਗਏ।

ਉਧਰ, ਹਾਲਾਤ ਨੂੰ ਵੇਖਦਿਆਂ ਸੁਖਬੀਰ ਬਾਦਲ ਦਾ ਬਰਸੀ ਸਮਾਗਮ ’ਚ ਆਉਣ ਦਾ ਪ੍ਰੋਗਰਾਮ ਰੱਦ ਹੋ ਗਿਆ। ਇਸੇ ਦੌਰਾਨ ਕਿਸਾਨਾਂ ਨੇ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਗੁਰੂਘਰ ’ਚ ਚਲ ਰਹੇ ਹਰਚੰਦ ਸਿੰਘ ਲੌਂਗੋਵਾਲ ਦੇ ਬਰਸੀ ਸਮਾਗਮ ’ਚ ਦਾਖਲ ਨਾ ਹੋਣ ਦਿੱਤਾ ਤੇ ਉਨ੍ਹਾਂ ਦਾ ਜਬਰਦਸਤ ਵਿਰੋਧ ਕੀਤਾ। ਕਿਸਾਨਾਂ ਨੇ ਉਨ੍ਹਾਂ ਦਾ ਰਾਹ ਰੋਕ ਲਿਆ ਤੇ ਸਵਾਲਾਂ ਦੀ ਝੜੀ ਲਗਾ ਦਿੱਤੀ। ਬੜੀ ਮੁਸ਼ਕਲ ਨਾਲ ਪੁਲਿਸ ਨੇ ਚੰਦੂਮਾਜਰਾ ਨੂੰ ਵਾਪਸ ਗੱਡੀ ਵਿੱਚ ਬਿਠਾਇਆ। ਇਸ ਮਗਰੋਂ ਤੇਜ਼ੀ ਨਾਲ ਗੱਡੀ ਭਜਾ ਦਿੱਤੀ ਗਈ ਤੇ ਕਈ ਕਿਸਾਨ ਗੱਡੀ ਹੇਠ ਆਉਂਦਿਆਂ ਬਚੇ। ਕਿਸਾਨਾਂ ਨੇ ਗੱਡੀ ’ਤੇ ਡੰਡੇ ਵੀ ਮਾਰੇ। ਕਿਸਾਨਾਂ ਦੇ ਵਿਰੋਧ ਕਾਰਨ ਚੰਦੂਮਾਜਰਾ ਬੇਰੰਗ ਵਾਪਸ ਪਰਤੇ।

LEAVE A REPLY

Please enter your comment!
Please enter your name here