
ਮਾਨਸਾ 12 ਸਤੰਬਰ(ਸਾਰਾ ਯਹਾਂ/ਮੁੱਖ ਸੰਪਾਦਕ)
ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਦੇਸ਼ ਦੇ ਲੋਕਾਂ ਨਾਲ ਜਾਤ ਧਰਮ ਦੇ ਆਧਾਰ ‘ਤੇ ਹੁੰਦੀ ਵਿਤਕਰੇਬਾਜ਼ੀ ਦੀ ਸਚਾਈ ਬਿਆਨਣ ‘ਤੇ ਬੀ.ਜੇ.ਪੀ. ਤਿਲਮਲਾ ਉੱਠੀ ਹੈ ਅਤੇ ਉਸਦੇ ਆਗੂਆਂ ਵੱਲੋਂ ਰਾਹੁਲ ਗਾਂਧੀ ਖਿਲਾਫ ਊਲ ਜਲੂਲ ਬਿਆਨਬਾਜ਼ੀ ਕੀਤੀ ਜਾ ਰਹੀ ਹੈ।
ਉਕਤ ਵਿਚਾਰਾਂ ਦਾ ਪ੍ਰਗਟਾਵਾ ਸੰਵਿਧਾਨ ਬਚਾਓ ਮੰਚ ਦੇ ਆਗੂ ਐਡਵੋਕੇਟ ਬਲਕਰਨ ਸਿੰਘ ਬੱਲੀ ਨੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਨੇ ਬੀ.ਜੇ.ਪੀ. ਨੂੰ ਸ਼ੀਸ਼ਾਂ ਦਿਖਾਇਆ ਹੈ। ਦੇਸ਼ ਵਿਚ ਸਿੱਖਾਂ ਨੂੰ ਆਪਣੇ ਧਾਰਮਿਕ ਚਿੰਨ ਪਹਿਨਣ ਦੀ ਪੂਰਨ ਆਜ਼ਾਦੀ ਦਨਹੀਂ ਹੈ। ਬਹੁਤ ਸਾਰੇ ਸਿੱਖ ਬੱਚੇ ਆਪਣੇ ਟੈਸਟ ਦੇਣ ਤੋਂ ਇਸ ਕਰਕੇ ਬਾਂਝੇ ਰਹਿ ਜਾਂਦੇ ਹਨ ਕਿ ਉਹਨਾਂ ਦੇ ਕੜਾ ਜਾਂ ਕਿਰਪਾਨ ਪਹਿਨੀ ਹੁੰਦੀ ਹੈ ਅਤੇ ਦੇਸ਼ ‘ਚ ਕਈ ਜਗਾ ਤੇ ਪ੍ਰੀਖਿਆ ਕੇਂਦਰਾਂ ‘ਚ ਕਰਾਰ ਪਹਿਨੇ ਵਿਅਕਤੀ ਨੂੰ ਦਾਖਲ ਹੋਣ ਤੋਂ ਮਨਾ ਕਰ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਦੇਸ਼ ਬਹੁਤ ਸਾਰੀਆਂ ਜਗਾ ਤੇ ਸਿੱਖਾਂ ਦੇ ਕਰਾਰ ਪਹਿਨਕੇ ਦਾਖਲ ਹੋਣ ਤੇ ਪਾਬੰਧੀ ਹੈ। ਉਹਨਾਂ ਕਿਹਾ ਕਿ ਸਿੱਖਾਂ ਨਾਲ ਵਿਤਕਰੇਬਾਜ਼ੀ ਅਤੇ ਆਜਾਦੀ ਦੀ ਤਾਜ਼ਾ ਉਦਾਹਰਨ ਪਿਛਲੇ ਦਿਨੀ ਦੋ ਕਿਸਾਨ ਆਗੂਆਂ ਜਗਜੀਤ ਸਿੰਘ ਡੱਲੇਵਾਲ ਅਤੇ ਬਲਦੇਵ ਸਿੰਘ ਸਿਰਸਾ ਨੂੰ ਸ੍ਰੀ ਸਾਹਿਬ ਪਹਿਨੇ ਹੋਣ ਕਰਕੇ ਜਹਾਜ ਤੇ ਚੜਨ ਤੋਂ ਰੋਕਿਆ ਗਿਆ ਅਤੇ ਉਹਨਾਂ ਦੀਆਂ ਟਿਕਟਾਂ ਕੈਂਸਲ ਕਰ ਦਿੱਤੀਆਂ। ਉਹਨਾਂ ਕਿਹਾ ਭਾਜਪਾ ਦੇਸ਼ ਦੀ ਵੰਨਸੁਵੰਨਤਾ ਨੂੰ ਸਮਝਣ ਤੋਂ ਅਸਮਰਥ ਹੈ। ਉਹਨਾਂ ਕਿਹਾ ਕਿ ਜੋ ਭਾਜਪਾ ਆਗੂ ਰਾਹੁਲ ਗਾਂਧੀ ਖਿਲਾਫ ਬਿਆਨਬਾਜ਼ੀ ਕਰ ਰਹੇ ਹਨ ਉਹਨਾਂ ਨੂੰ ਪਹਿਲਾਂ ਦੇਸ਼ ਦੀਆਂ ਅਸਲ ਹਕੀਕਤਾਂ ਦੇ ਰੂਬਰੂ ਹੋਕੇ ਉਹਨਾਂ ਤੋਂ ਜਾਣੂ ਹੋਣਾ ਚਾਹੀਦਾ ਹੈ।
