ਚੰਡੀਗੜ੍ਹ, (ਸਾਰਾ ਯਹਾਂ/ਬਿਊਰੋ ਨਿਊਜ਼)1 ਅਪ੍ਰੈਲ:
ਲੋਕ ਸਭਾ ਚੋਣਾਂ-2024 ਤੋਂ ਪਹਿਲਾਂ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ, ਪੰਜਾਬ ਪੁਲਿਸ ਨੇ ਸੋਮਵਾਰ ਨੂੰ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀ.ਏ.ਪੀ.ਐਫ.) ਦੀਆਂ ਟੀਮਾਂ ਨਾਲ ਸੂਬੇ ਭਰ ਦੀਆਂ ਸਾਰੇ ਸੰਵੇਦਨਸ਼ੀਲ ਸਥਾਨਾਂ ‘ਤੇ ਫਲੈਗ ਮਾਰਚ ਕੱਢਿਆ। ਦੱਸਣਯੋਗ ਹੈ ਕਿ ਪੰਜਾਬ ਵਿੱਚ ਆਮ ਚੋਣਾਂ ਵੋਟਾਂ ਦੇ ਆਖਰੀ ਪੜਾਅ ਵਿੱਚ 1 ਜੂਨ ਨੂੰ ਵੋਟਾਂ ਪੈਣਗੀਆਂ।
ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਪੈਸ਼ਲ ਡੀਜੀਪੀ) ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਸੀਪੀਜ਼/ਐਸਐਸਪੀਜ਼ ਦੀ ਅਗਵਾਈ ਵਿੱਚ ਪੁਲਿਸ ਟੀਮਾਂ ਨੇ ਸਾਰੇ 28 ਪੁਲਿਸ ਜ਼ਿਲ੍ਹਿਆਂ ਵਿੱਚ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਫਲੈਗ ਮਾਰਚ ਕੱਢਿਆ। ਉਨ੍ਹਾਂ ਕਿਹਾ ਕਿ ਇਸ ਅਭਿਆਸ ਦਾ ਉਦੇਸ਼ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਪੁਲਿਸ ਮੁਲਾਜ਼ਮਾਂ ਨੂੰ ਤਿਆਰ ਕਰਨ ਦੇ ਨਾਲ-ਨਾਲ ਆਮ ਲੋਕਾਂ ਵਿੱਚ ਵਿਸ਼ਵਾਸ ਦੀ ਭਾਵਨਾ ਨੂੰ ਵਧਾਉਣਾ ਵੀ ਸੀ।
ਉਨ੍ਹਾਂ ਕਿਹਾ ਕਿ ਸੀਪੀਜ਼/ਐਸਐਸਪੀਜ਼ ਨੂੰ ਪਹਿਲਾਂ ਹੀ ਸੂਬੇ ਭਰ ਵਿੱਚ ਵਿਸ਼ੇਸ਼ ਨਾਕੇ ਲਗਾਉਣ ਅਤੇ ਗਸ਼ਤ ਕਰਨ ਵਾਲੀਆਂ ਪਾਰਟੀਆਂ ਨੂੰ ਆਪੋ-ਆਪਣੇ ਅਧਿਕਾਰ ਖੇਤਰਾਂ ਵਿੱਚ ਸਮਾਜ ਵਿਰੋਧੀ ਅਨਸਰਾਂ ‘ਤੇ ਨਜ਼ਰ ਰੱਖਣ ਲਈ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਅਪਰਾਧੀਆਂ, ਨਸ਼ਾ ਅਤੇ ਗੈਰ-ਕਾਨੂੰਨੀ ਸ਼ਰਾਬ ਤਸਕਰਾਂ ਦੇ ਆਉਣ-ਜਾਣ ‘ਤੇ ਰੋਕ ਲਗਾਉਣ ਲਈ ਸਰਹੱਦੀ ਜ਼ਿਲ੍ਹਿਆਂ ਦੇ ਐਸ.ਐਸ.ਪੀਜ਼ ਨੂੰ ਅੰਤਰਰਾਜੀ ਨਾਕੇ ਲਗਾ ਕੇ ਸਰਹੱਦਾਂ ਨੂੰ ਸੀਲ ਕਰਨ ਲਈ ਕਿਹਾ ਗਿਆ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਵੀ ਉਹਨਾਂ ਅਤੇ ਉਹਨਾਂ ਵਾਹਨਾਂ ਦੀ ਚੈਕਿੰਗ ਅਤੇ ਜਾਂਚ ਕੀਤੇ ਬਿਨਾਂ ਸੂਬੇ ਵਿੱਚ ਦਾਖਲ/ਬਾਹਰ ਨਾ ਜਾਣ ਦੇਣ ਲਈ ਨਿਰਦੇਸ਼ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਸੂਬੇ ਭਰ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਸੂਬੇ ਦੇ ਸਾਰੇ 217 ਐਂਟਰੀ/ਐਗਜ਼ਿਟ ਪੁਆਇੰਟਾਂ ‘ਤੇ 57 ਸਥਾਈ, 149 ਅਸਥਾਈ ਅਤੇ ਆਧੁਨਿਕ ਯੰਤਰਾਂ ਵਾਲੇ 11 ਹਾਈਟੈੱਕ ਨਾਕਿਆਂ ਸਮੇਤ ਮਜ਼ਬੂਤ ਨਾਕਿਆਂ ਦੀ ਯੋਜਨਾ ਬਣਾਈ ਗਈ ਹੈ ਅਤੇ ਆਬਕਾਰੀ ਅਧਿਕਾਰੀਆਂ ਨੂੰ ਇਨ੍ਹਾਂ ਅੰਤਰ-ਰਾਜੀ ਨਾਕਿਆਂ ਦਾ ਹਿੱਸਾ ਬਣਨ ਲਈ ਆਦੇਸ਼ ਦਿੱਤੇ ਗਏ ਹਨ।
ਇਸ ਤੋਂ ਇਲਾਵਾ, ਸੂਬੇ ਦੇ ਸੰਵੇਦਨਸ਼ੀਲ ਅਤੇ ਅਤਿ-ਸੰਵੇਦਨਸ਼ੀਲ ਖੇਤਰਾਂ ‘ਤੇ ਦਬਦਬਾ ਬਣਾਉਣ ਲਈ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐਫ) ਦੀਆਂ 25 ਕੰਪਨੀਆਂ ਸੂਬੇ ਦੇ ਸੰਵੇਦਨਸ਼ੀਲ ਜ਼ਿਲ੍ਹਿਆਂ ਵਿੱਚ ਤਾਇਨਾਤ ਕੀਤੀਆਂ ਗਈਆਂ ਹਨ। ਇਹਨਾਂ 25 ਕੰਪਨੀਆਂ ਵਿੱਚ ਕੇਂਦਰੀ ਰਿਜ਼ਰਵਡ ਪੁਲਿਸ ਬਲਾਂ (ਸੀਆਰਪੀਐਫ) ਦੀਆਂ ਪੰਜ ਕੰਪਨੀਆਂ, ਸੀਮਾ ਸੁਰੱਖਿਆ ਬਲ (ਬੀਐਸਐਫ) ਦੀਆਂ 15 ਕੰਪਨੀਆਂ ਅਤੇ ਇੰਡੋ-ਤਿੱਬਤੀ ਬਾਰਡਰ ਪੁਲਿਸ (ਆਈਟੀਬੀਪੀ) ਦੀਆਂ ਪੰਜ ਕੰਪਨੀਆਂ ਸ਼ਾਮਲ ਹਨ।
ਸਪੈਸ਼ਲ ਡੀਜੀਪੀ ਨੇ ਕਿਹਾ ਕਿ ਅਸੀਂ ਸਰਹੱਦੀ ਸੂਬੇ ਵਿੱਚ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਚੋਣਾਂ ਕਰਵਾਉਣਾ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਦੀ ਬੇਮਿਸਾਲ ਪਰੰਪਰਾ ਨੂੰ ਕਾਇਮ ਰੱਖਾਂਗੇ।
ਉਨ੍ਹਾਂ ਕਿਹਾ ਕਿ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਆਦਰਸ਼ ਚੋਣ ਜ਼ਾਬਤੇ ਦੇ ਸਾਰੇ ਪਹਿਲੂਆਂ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਆਜ਼ਾਦ ਤੇ ਨਿਰਪੱਖ ਢੰਗ ਨਾਲ ਚੋਣਾਂ ਕਰਵਾਉਣ ਲਈ ਭਾਰਤੀ ਚੋਣ ਕਮਿਸ਼ਨ (ਈਸੀਆਈ) ਦੀਆਂ ਸਾਰੀਆਂ ਹਦਾਇਤਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਭਗੌੜੇ ਅਪਰਾਧੀਆਂ ਵਿਰੁੱਧ ਚੱਲ ਰਹੀ ਵਿਸ਼ੇਸ਼ ਮੁਹਿੰਮ ਦੌਰਾਨ, ਪੰਜਾਬ ਪੁਲਿਸ ਨੇ 416 ਭਗੌੜਿਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।