ਚੰਡੀਗੜ੍ਹ/ਅੰਮ੍ਰਿਤਸਰ 07 ਜੂਨ(ਸਾਰਾ ਯਹਾਂ/ਬਿਊਰੋ ਨਿਊਜ਼)ਪੰਜਾਬ ਦੀ ਸਰਗਰਮ ਸਿਆਸਤ ਤੋਂ ਦੂਰ ਚੱਲ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੂੰ ਖੂੰਜੇ ਲਗਾਉਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਲੋਕ ਸਭਾ ਚੋਣਾਂ ਵਿਚ ਵੀ ਨਵਜੋਤ ਸਿੱਧੂ ਪੂਰੀ ਤਰ੍ਹਾਂ ਨਾਦਾਰਦ ਰਹੇ। ਇਸ ਤੋਂ ਬਾਅਦ ਉਨ੍ਹਾਂ ਤੋਂ ਇਕੋ ਇਕ ਅਹੁਦਾ ਵੀ ਲੈ ਲਿਆ ਗਿਆ ਹੈ। ਕਾਂਗਰਸ ਨੇ ਅੰਮ੍ਰਿਤਸਰ ਹਲਕੇ ਦੀ ਜ਼ਿੰਮੇਵਾਰੀ ਨਵਜੋਤ ਸਿੱਧੂ ਤੋਂ ਲੈ ਕੇ ਸਾਬਕਾ ਐੱਮ. ਪੀ. ਜਸਬੀਰ ਸਿੰਘ ਡਿੰਪਾ ਨੂੰ ਸੌਂਪ ਦਿੱਤੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹੁਕਮ ਜਾਰੀ ਕਰਦੇ ਹੋਏ ਅੰਮ੍ਰਿਤਸਰ ਈਸਟ ਹਲਕੇ ਦਾ ਇੰਚਾਰਜ ਜਸਬੀਰ ਸਿੰਘ ਡਿੰਪਾ ਨੂੰ ਐਲਾਨ ਦਿੱਤਾ ਹੈ। ਅੰਮ੍ਰਿਤਸਰ ਈਸਟ ਹਲਕੇ ਦੀ ਗੱਲ ਕਰੀਏ ਤਾਂ ਨਵਜੋਤ ਕੌਰ ਸਿੱਧੂ ਅਤੇ ਨਵਜੋਤ ਸਿੰਘ ਸਿੱਧੂ ਦੋਵੇਂ ਪਤੀ-ਪਤਨੀ ਇਥੋਂ ਵਿਧਾਇਕ ਰਹਿ ਚੁੱਕੇ ਹਨ।
ਅਪ੍ਰੈਲ ‘ਚ ਜਾਰੀ ਹੋਏ ਸਨ ਹੁਕਮ
ਜਸਬੀਰ ਡਿੰਪਾ ਨੂੰ ਅੰਮ੍ਰਿਤਸਰ ਈਸਟ ਹਲਕਾ ਇੰਚਾਰਜ ਬਨਾਉਣ ਦੇ ਇਹ ਹੁਕਮ ਅਪ੍ਰੈਲ ਮਹੀਨੇ ਵਿਚ ਹੀ ਜਾਰੀ ਹੋ ਗਏ ਸਨ ਪਰ ਲੋਕ ਸਭਾ ਚੋਣਾਂ ਦੇ ਚੱਲਦੇ ਇਨ੍ਹਾਂ ਹੁਕਮਾਂ ਨੂੰ ਜਨਤਕ ਨਹੀਂ ਕੀਤਾ ਗਿਆ। ਦੱਸਣਯੋਗ ਹੈ ਕਿ 2022 ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਵਿਧਾਇਕ ਜੀਵਨਜੋਤ ਕੌਰ ਤੋਂ ਹਾਰ ਤੋਂ ਬਾਅਦ ਹੀ ਨਵਜੋਤ ਸਿੱਧੂ ਨੇ ਹਲਕਾ ਅਤੇ ਸਿਆਸਤ ਤੋਂ ਦੂਰੀ ਬਣਾ ਲਈ ਸੀ। 2024 ਲੋਕ ਸਭਾ ਚੋਣਾਂ ਵਿਚ ਵੀ ਸਿੱਧੂ ਚੋਣ ਪ੍ਰਚਾਰ ਲਈ ਨਹੀਂ ਆਏ ਜਦਕਿ ਉਨ੍ਹਾਂ ਦਾ ਨਾਮ ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਵੀ ਨਹੀਂ ਲਿਖਿਆ ਗਿਆ ਸੀ।