ਲੋਕ ਮਨਾਂ ਚ ਉਹੀ ਸਾਹਿਤ ਸਨਮਾਨ ਹਾਸਲ ਕਰਦਾ ਜਿਹੜਾ ਉਨ੍ਹਾਂ ਦੀ ਧਿਰ ਬਣਦਾ

0
8

ਫ਼ਰੀਦਕੋਟ/10ਮਾਰਚ /ਸੁਰਿੰਦਰ ਮਚਾਕੀ :- ਫ਼ਿਰਦੌਸ ਰੰਗ ਮੰਚ ਫ਼ਰੀਦਕੋਟ ਵਲੋ ਗੌਰਮਿੰਟ ਬਰਜਿੰਦਰ ਕਾਲਜ ਫ਼ਰੀਦਕੋਟ ਦੇ ਓਪਨ ਏਅਰ ਥੀਏਟਰ ਚ ਕਰਵਾਏ ਜਾ ਰਹੇ 5ਰੋਜ਼ਾ ਨਾਟਕ ਮੇਲੇ ਦਾ ਤੀਜੇ ਦਿਨ ਆਤੂ ਖੋਜੀ, ਇਕ ਸਾਰੰਗੀ ਦੀ ਮੌਤ, ਗੁਰਚਰਨਾ ਗਾਡਰ , ਦਰੋਣਾਚਾਰੀਆ ਤੇ ਵਕਤ ਦੇ ਖੰਭਾਂ ਨਾਲ ਬੱਝੀ ਵਫ਼ਾ ਸਮੇਤ ਕਿੰਨੀਆਂ ਹੀ ਇਹੋ ਜਿਹੀਆਂ ਬਹੁ ਚਰਚਿਤ ਕਹਾਣੀਆਂ ਲਿਖਣ ਵਾਲੇ ਕਥਾਕਾਰ, ਮੇਰੇ ਪਿੰਡ ਦਾ ਦਲਿਤ ਸਕੂਲ , ਰਾਮਦੀਨ ਵਰਗੀ ਹੋਰ ਵੀ ਕਈ ਵੱਡੇ ਅਰਥ ਸੰਚਾਰ ਕਰਦੀਆਂ ਨਜ਼ਮਾਂ ਦੇ ਨਜ਼ਮਕਾਰ ਤੇ ਸਾਰੰਗੀ ਨਾਟਕ ਸਮੇਤ ਹੋਰ ਵੀ ਕਈ ਨਾਟਕਾਂ ਦੇ ਨਾਟਕ ਲੇਖਕ ਗੁਰਮੀਤ ਕੜਿਆਲਵੀ ਨੂੰ ਨਾਟ ਮੇਲੇ ਦੇ ਸੰਚਾਲਕ ਤੇ ਨਾਮਵਰ ਨਾਟਕ ਨਿਰਦੇਸ਼ਕ ਪ੍ਰੋ ਕੁਲਬੀਰ ਮਲਿਕ ਨੇ ਦਰਸ਼ਕਾਂ ਦੇ ਰੂ ਬ ਰੂ ਕੀਤਾ । ਆਪਣੇ ਸਿਰਜਣਾਤਮਿਕ ਸਫ਼ਰ ਤੇ ਅਨੁਭਵ ਦਰਸ਼ਕਾਂ ਨਾਲ ਸਾਂਝਾ ਕਰਦਿਆ ਗੁਰਮੀਤ ਨੇ ਕਿਹਾ ਕਿ ਕੋਈ ਕਲਮਕਾਰ ਨਿਰਪੱਖ ਨਹੀ ਹੁੰਦਾ ਉਹ ਜਾਂ ਤਾਂ ਸੱਤਾ ਪੱਖੀ ਹੁੰਦਾ ਤੇ ਜਾਂ ਫਿਰ ਲੋਕ ਪੱਖੀ । ਲੋਕ ਪੱਖੀ ਕਲਮਕਾਰ ਉਹੀ ਹੁੰਦਾ ਹੈ ਜਿਸਦੀ ਰਚਨਾ ਦੱਬੇ ਕੁਚਲੇ ਤੇ ਹਾਸ਼ੀਆ ਗ੍ਰਸਤ ਲੋਕਾਂ ਦੀ ਗੱਲ ਕਰੇ । ਉਨ੍ਹਾਂ ਦਾ ਪੱਖ ਪੂਰੇ ਇਹ ਰਚਨਾ ਤੇ ਰਚਨਾਕਾਰ ਹੀ ਲੋਕ ਪ੍ਰਵਾਨ ਹੁੰਦੇ ਹਨ ਤੇ ਇਹ ਇਨਾਮ ਸਨਮਾਨ ਦੇ ਮੁਥਾਜ ਵੀ ਨਹੀ ਹੁੰਦੇ। ਇਨਾਮ ਸਨਮਾਨ ਲੈਣਾ ਮਾੜੀ ਗੱਲ ਨਹੀ ਮਾੜੀ ਗੱਲ ਤਾਂ ਇਹ ਹੈ ਇਸ ਨੂੰ ਹਾਸਲ ਕਰਨ ਜਾਂ ਕਰ ਲੈਣ ਮਗਰੋ ਆਪਣੀ ਧਿਰ ਵੱਲ ਪਿੱਠ ਕਰ ਲੈਣਾ । ਹਾਂ ਕਈ ਮੌਕੇ ਇਹੋ ਜਿਹੇ ਵੀ ਆਏ ਜਦੋ ਸੱਤਾ ਵਧੀਕੀਆਂ ਖਿਲਾਫ ਬੋਲਣਾ ਚਾਹੀਦਾ ਸੀ ਉਦੋ ਕਈ ਕਲਮਾਂ ਚੁੱਪ ਰਹੀਆਂ । ਜਿਹੜੀਆਂ ਬੋਲੀਆਂ ਉਨ੍ਹਾਂ ਨੂੰ ਲੋਕਾਂ ਨੇ ਕਬੂਲਿਆ ਵੀ । ਮਾਨ ਸਨਮਾਨ ਪ੍ਰਵਾਨਗੀ ਦੀ ਸ੍ਵੈ ਸਤੁਸ਼ਟੀ ਤਾਂ ਦਿੰਦੇ ਹਨ ਪਰ ਇਹ ਆਪਣੀ ਧਿਰ ਦੇ ਹੱਕ ਚ ਹੋਰ ਵੀ ਮੁਸਤੈਦੀ ਤੇ ਜੁੰਮੇਵਾਰੀ ਨਿਭਾਉਣ ਲਈ ਜੁੰਮੇਵਾਰੀ ਵੀ ਤੈਅ ਕਰਦੇ ਹਨ। ਜਦੋ ਇਹ ਜੁੰਮੇਵਾਰੀ ਨਿਭਾਉਣ ਚ ਅੜਿੱਕਾ ਬਣਨ ਲੱਗਦੇ ਹਨ ਤਾਂ ਫ਼ਿਰ ਆਪਣੀ ਜੁੰਮੇਵਾਰੀ ਤੋ ਵਾਰੇ ਵੀ ਜਾ ਸਕਦੇ ਹਨ ਤੇ ਇਤਹਾਸ ਗੁਆਹ ਹੈ ਕਿ ਇਹ ਵਾਰੇ ਵੀ ਗਏ। ਇਹ ਤਸੱਲੀ ਵਾਲੀ ਗੱਲ ਹੈ ਕਿ ਉਸ ਵਰਗ ਜਿਸ ਨੂੰ ਫ਼ਿਲਮਸਾਜੀ ਜਾਂ ਸਾਹਿਤ ‘ਚ ਵਿਚਾਰੇ ਜਾਂ ਮਸਖ਼ਰੇ ਪਾਤਰ ਵਜੋਂ ਪੇਸ਼ ਕੀਤਾ ਜਾਂਦਾ ਰਿਹਾ ਹੈ , ਦੀ ਵੀ ਅੱਜ ਗਲ ਕੀਤੀ ਜਾ ਰਹੀ ਹੈ । ਉਸ ਦੀਆਂ ਥੋੜ੍ਹਾਂ ਤੇ ਵਿਗੋਚਿਆ ਦੀ ਸਾਹਿਤਕਾਰੀ ਕੀਤੀ ਜਾ ਰਹੀ ਹੈ । ਉਸ ਚੋ ਵੀ ਨਾਇਕ ਤਲਾਸ਼ੇ ਤੇ ਪੇਸ਼ ਕੀਤੇ ਜਾ ਰਹੇ ਹਨ । ਇਕ ਵਰਗ ਇਹੋ ਜਿਹਾ ਵੀ ਹੈ ਜਿਹੜਾ ਹਾਸ਼ੀਏ ਤੇ ਵੀ ਬਾਹਰ ਦੀ ਜਿੰਦਗੀ ਧੂਹ ਰਿਹਾ ਹੈ । ਅਜੇ ਉਸ ਦੀ ਗਲ ਹੋਣੀ ਬਾਕੀ ਹੈ ।
ਪੂੰਜੀਵਾਦੀਿ ਸ਼ਵੀਕਰਨ ਤੇ ਮੰਡੀ ਦੀ ਝੁਲਾਈ ਜਾ ਰਹੀ ਹਨੇਰੀ ਚ ਉਪਭੋਗਤਾਵਾਦ ਸਿਰ ਚੜ੍ਹ ਬੋਲ ਰਿਹਾ । ਉਹ ਇਤਿਹਾਸ ਸਭਿਆਚਾਰ , ਰਹੁ ਰੀਤਾਂ , ਮਾਨਤਾਵਾਂ ਜਿਹੜੀਆਂ ਬੇਹਤਰੀ ਲਈ ਮਾਨਯੋਗ ਪ੍ਰੇਰਨਾ ਹਨ ਖੋਹੀਆਂ ਜਾ ਰਹੀਆਂ ਹਨ। ਇਸ ਚ ਬੌਦਲਿਆ ਮਨੁੱਖ ਵਿਸ਼ੇਸ਼ ਕਰਕੇ ਟੀਨ ਏਜਰ ਨੌਜੁਆਨ ਤੇ ਬੱਚੇ ਦਿਸ਼ਾਹੀਣ ਆਲਮ ਚ ਹਨ । ਇਨ੍ਹਾਂ ਨੂੰ ਇਸ ਚੋ ਨਿਕਲਣ ਲਈ ਦਿਸ਼ਾ ਦੇਣ ਲਈ ਸਾਹਿਤ ਸਹਾਰੇ ਤੇ ਅਗਵਾਈ ਦੀ ਲੋੜ ਹੈ ਪਰ ਇਸ ਦੀ ਬਹੁਤ ਘਾਟ ਹੈ ।
ਕਹਾਣੀ ਤੇ ਨਜ਼ਮ ਦੇ ਨਾਲ ਨਾਲ ਨਾਟਕ ਵੱਲ ਮੋੜਾ ਕੱਟਣ
ਨੂੰ ਬਾਇ ਚਾਨਸ ਦਸਦਿਆ ਕੜਿਆਲਵੀ ਦਾ ਕਹਿਣਾ ਸੀ
ਕਿ ਬਚਪਨ ਵਿੱਚ ਕਾਮਰੇਡਾਂ ਦੇ ਜਲਸਿਆਂ ਚ ਗੁਰਚਰਨ ਜੱਸਲ ਤੇ ਨਾਹਰ ਨੱਥੂਵਾਲੀਏ ਖੇਡੇ ਜਾਂਦੇ ਡਰਾਮੇ ਵੇਖਦਿਆ ਨਾਟਕ ਦੀ ਚੇਟਕ ਦੀ ਬੀਅ ਕਿਤੇ ਨਾ ਕਿਤੇ ਅਵਚੇਤਨ ਚ ਪਿਆ ਹੋਇਆ ਸੀ ਇਸ ਦੇ ਪੁੰਗਰਨ ਦਾ
ਸਬੱਬ ਇਕ ਨਾਟਕਕਾਰ ਮਿੱਤਰ ਦੇ ਨਾਟਕ ਦੀ ਵਾਰ ਵਾਰ ਮੰਗ ਤੇ ਇਸ ‘ਤੇ ਪ੍ਰੇਰਨਾ ਮਈ ਇਸਰਾਰ ਕਾਰਨ ਬਣਿਆ । ਨਾਟਕਾਂ ਦੀ ਥੁੜ੍ਹ ਕਬੂਲਦਿਆ ਉਸ ਨੇ ਕਿਹਾ ਕਿ ਅਸਲ ਚ ਨਾਟਕ ਨੂੰ ਇਕ ਵਿਧਾ ਵਜੋਂ ਬਣਦੀ ਤਵੱਜੋ ਤੇ ਸਵੀਕਿਰਤੀ ਮਿਲਣੀ ਬਾਕੀ ਹੈ । ਅਜੇ ਵੀ ਨਾਟਕ ਲੇਖਣੀ ਨੂੰ ਪਾਠਕਾਂ ਤੇ ਪ੍ਰਕਾਸ਼ਕਾਂ ਵਲੋ ਬਣਦੀ ਤਵੱਜੋ ਨਹੀਂ ਦਿੱਤੀ ਜਾ ਰਹੀ । ਇਸ ਕਰਕੇ ਨਾਟਕ ਦੀਆਂ ਕਿਤਾਬਾਂ ਨਾ ਤਾਂ ਉਵੇਂ ਪੜ੍ਹੀਆਂ ਜਾ ਰਹੀਆਂ ਹਨ ਤੇ ਨਾ ਹੀ ਉਵੇ ਛਾਪੀਆਂ ਜਾ ਰਹੀਆਂ ਹਨ । ਜਿਨ੍ਹਾਂ ਚਿਰ ਇਹ ਰੁਜ਼ਗਾਰ ਸਿਰਜਣ ਯੋਗ ਨਹੀਂ ਬਣਦਾ ਉਨ੍ਹਾਂ ਚਿਰ ਇਹ ਰੁਝਾਨ ਤੋੜਨਾ ਸੰਭਵ ਨਹੀ।
ਬੇਬਾਕ ਤੇ ਸਾਫ਼ਗੋਈ ਟਿੱਪਣੀਆਂ ਕਾਰਨ ਗੁਰਮੀਤ ਕੜਿਆਲਵੀ ਦਾ ਇਹ ਰੂ ਬ ਰੂ ਸਰੋਤੇ ਦਰਸ਼ਕਾਂ ਲਈ ਕਾਫੀ ਗਿਆਨ ਵਰਧਕ ਸੀ ਖ਼ਾਸ ਕਰਕੇ ਵਿਦਿਆਰਥੀ ਸਰੋਤੇ ਦਰਸ਼ਕਾਂ ਲਈ।

NO COMMENTS