
ਬੁਢਲਾਡਾ 12 ਅਪਰੈਲ(ਅਮਨ ਮਹਿਤਾ): ਕਰੋਨਾ ਮਹਾਂਮਾਰੀ ਜਿਹੀ ਵੱਡੀ ਮੁਸੀਬਤ ਝੱਲ ਰਿਹਾ ਪੂਰਾ ਦੇਸ਼ ਇਕਜੁੱਟ ਹੋ ਕੇ ਅੱਜ ਇਸਦੇ ਖਿਲਾਫ ਮਹਾਂਯੁੱਧ ਲੜ ਰਿਹਾ ਹੈ। ਸਰਕਾਰਾਂ, ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਗਰੀਬਾਂ ਅਤੇ ਜ਼ਰੂਰਤਮੰਦਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਬਿਪਤਾ ਦੀ ਘੜੀ ਵਿੱਚ ਸਭ ਤੋਂ ਵੱਡੀ ਮਾਰ ਛੋਟੇ ਦੁਕਾਨਦਾਰਾਂ ਨੂੰ ਝੱਲਣੀ ਪੈ ਰਹੀ ਹੈ। ਅੱਜ ਫੋਨ ਤੇ ਸੰਪਰਕ ਕਰਕੇ ਕੁਝ ਵਪਾਰਕ ਸੰਸਥਾਵਾਂ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੇ ਕਾਰੋਬਾਰ ਠੱਪ ਹੋ ਗਏ ਹਨ ਅਤੇ ਘਰਾਂ ਵਿੱਚ ਮੌਜੂਦ ਰਾਸ਼ਨ ਆਦਿ ਜ਼ਰੂਰਤ ਦਾ ਸਾਮਾਨ ਵੀ ਸਮਾਪਤ ਹੋ ਗਿਆ ਹੈ । ਪ੍ਰਤੀ ਦਿਨ ਕਮਾ ਕੇ ਆਪਣੇ ਪਰਿਵਾਰ ਦਾ ਪੇਟ ਭਰਨ ਵਾਲੇ ਦੁਕਾਨਦਾਰ ਕੋਲ ਕੋਈ ਜਮ੍ਹਾ ਪੂੰਜੀ ਜਾਂ ਬੈਂਕ ਬੈਲੇਂਸ ਨਹੀਂ ਹੈ । ਸਰਕਾਰ ਵੱਲੋਂ ਕਿਸੇ ਕਿਸਮ ਦੀ ਮਦਦ ਨਹੀਂ ਕੀਤੀ ਜਾ ਰਹੀ। ਲੋਕਡਾਉਨ ਦੀ ਵੱਧ ਰਹੀ ਮਿਆਦ ਕਾਰਨ ਉਨ੍ਹਾਂ ਨੂੰ ਆਪਣੇ ਭਵਿੱਖ ਵਿੱਚ ਹਨੇਰਾ ਦਿਖਾਈ ਦੇ ਰਿਹਾ ਹੈ ਅਤੇ ਗੁਜ਼ਾਰੇ ਦੀ ਚਿੰਤਾ ਨੇ ਘੇਰ ਰੱਖਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਦੁਕਾਨਾਂ ਦੀ

ਬਿਜਲੀ ਬਿੱਲ ਆਦਿ ਦੇ ਖਰਚ ਅਤੇ ਘਰੇਲੂ ਖਰਚਾ ਜਿਉਂ ਦਾ ਤਿਉਂ ਸਿਰ ਤੇ ਭਾਰ ਬਣੇ ਖੜ੍ਹੇ ਹਨ। ਟੈਕਸ ਰਾਹੀਂ ਸਰਕਾਰ ਦਾ ਖਜ਼ਾਨਾ ਭਰਨ ਵਾਲੇ ਵਪਾਰੀ ਅੱਜ ਖੁਦ ਦਾ ਖਰਚ ਉਠਾਉਣ ਤੋਂ ਵੀ ਮੋਹਤਾਜ ਹਨ। ਪਿੰਡਾ ਅਤੇ ਸੰਸਥਾਵਾਂ ਦੇ ਨੁਮਾਇੰਦਿਆਂ ਆੜਤੀਆਂ ਐਸ਼ੋਸ਼ੀਏਸ਼ਨ ਦੇ ਬਾਂਕੇ ਬਿਹਾਰੀ, ਸਾਮਲਾਲ ਧਲੇਵਾਂ, ਸੁਖਦਰਸ਼ਨ ਲੀਲਾ, ਦਲਜੀਤ ਸਿੰਘ, ਜੈਨੀ ਕਾਠ, ਮੁਕੇਸ਼ ਗਰਗ, ਵਿਸ਼ਾਲ ਬਿਹਾਰੀ, ਜਤਿੰਦਰ ਬਾਂਸਲ, ਕਾਲੂ ਬੋੜਾਵਾਲੀਆ, ਅਨਿਲ ਸਰਦਾਨਾ, ਐਡਵੋਕੇਟ ਤਰੁਣ ਗਰਗ, ਇਦਰਾਜ਼ ਬਾਂਸਲ ,ਰਵਿੰਦਰ ਟਿੰਕੂ ਆਦਿ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਤੁਰੰਤ ਹੋਰ ਵਰਗਾਂ ਦੀ ਤਰ੍ਹਾਂ ਵਪਾਰੀ ਵਰਗ ਨੂੰ ਵੀ ਰਾਹਤ ਪਹੁੰਚਾਉਣ ਲਈ ਠੋਸ ਨੀਤੀ ਬਣਾਈ ਜਾਵੇ ।
