ਮਾਨਸਾ, 05 ਅਪ੍ਰੈਲ (ਸਾਰਾ ਯਹਾਂ/ ਬੀਰਬਲ ਧਾਲੀਵਾਲ ) : ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸੇਵਾ ਕੇਂਦਰਾਂ ਅੰਦਰ ਲੋਕਾਂ ਦੀ ਗਿਣਤੀ ਵਧਾਉਣ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਸੇਵਾਵਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਹੁਣ 7 ਅਪ੍ਰੈਲ ਤੋਂ 7 ਮਈ 2022 ਤੱਕ ਹਫ਼ਤੇ ਦੇ ਸਾਰੇ ਦਿਨ ਖੁਲੇ ਰਹਿਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਬੰਧੀ ਆਪ੍ਰੇਟਰਾਂ ਦਾ ਡਿਊਟੀ ਰੋਸ਼ਟਰ ਵੀ ਤਿਆਰ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਸੋਮਵਾਰ ਤੋਂ ਸ਼ੁਕਰਵਾਰ ਤੱਕ ਸਵੇਰੇ 8 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਸੇਵਾ ਕੇਂਦਰ ਖੁੱਲੇ ਰਹਿਣਗੇ ਅਤੇ ਇਸ ਦੌਰਾਨ ਰੋਸ਼ਟਰ 1 ਤਹਿਤ ਸਵੇਰੇ 8 ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਪਹਿਲਾ ਸਟਾਫ਼ ਡਿਊਟੀ ਕਰੇਗਾ ਅਤੇ 12 ਵਜੇ ਤੋਂ 12.30 ਵਜੇ ਤੱਕ ਦੁਪਹਿਰ ਦੇ ਖਾਣੇ ਦਾ ਸਮਾਂ ਹੋਵੇਗਾ। ਉਨਾਂ ਦੱਸਿਆ ਕਿ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ 100 ਫੀਸਦੀ ਕਾਊਂਟਰ ਚਾਲੂ ਹਾਲਤ ਵਿੱਚ ਰਹਿਣਗੇ। ਉਨਾਂ ਦੱਸਿਆ ਕਿ ਇਸੇ ਤਰਾਂ ਰੋਸ਼ਟਰ 2 ਤਹਿਤ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਦੂਜਾ ਸਟਾਫ਼ ਡਿਊਟੀ ’ਤੇ ਰਹੇਗਾ ਅਤੇ 2 ਵਜੇ ਤੋਂ 2.30 ਵਜੇ ਤੱਕ ਦੁਪਹਿਰ ਦੇ ਖਾਣੇ ਦਾ ਸਮਾਂ ਹੋਵੇਗਾ। ਉਨਾਂ ਦੱਸਿਆ ਕਿ ਸਵੇਰੇ 8 ਵਜੇ ਤੋਂ ਸਵੇਰੇ 10 ਵਜੇ ਤੱਕ ਅਤੇ ਸ਼ਾਮ 4 ਵਜੇ ਤੋਂ 6 ਵਜੇ ਤੱਕ 50 ਫੀਸਦੀ ਕਾਊਂਟਰ ਚਾਲੂ ਹਾਲਤ ਵਿੱਚ ਰਹਿਣਗੇ। ਡਿਪਟੀ ਕਮਿਸ਼ਨਰ ਸ਼੍ਰੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਅਤੇ ਐਤਵਾਰ ਵਾਲੇ ਦਿਨ ਸੇਵਾ ਕੇਂਦਰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਖੁਲੇ ਰਹਿਣਗੇ ਅਤੇ 12 ਵਜੇ ਤੋਂ 12.30 ਵਜੇ ਤੱਕ ਦੁਪਹਿਰ ਦੇ ਖਾਣੇ ਦਾ ਸਮਾਂ ਹੋਵੇਗਾ। ਉਨਾਂ ਦੱਸਿਆ ਕਿ ਇਨਾਂ ਦਿਨਾਂ ਵਿੱਚ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ 50 ਫੀਸਦੀ ਕਾਊਂਟਰ ਚਾਲੂ ਹਾਲਤ ਵਿੱਚ ਹੋਣਗੇ। ਉਨਾਂ ਕਿਹਾ ਕਿ ਸੇਵਾਂ ਕੇਂਦਰ ਇੰਚਾਰਜ ਇਸ ਸ਼ਡਿਊਲ ਅਨੁਸਾਰ ਆਪਣਾ ਡਿਊਟੀ ਰੋਸ਼ਟਰ ਤਿਆਰ ਕਰ ਕੇ ਸੇਵਾਵਾਂ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ।