*ਲੋਕਾਂ ਦੀ ਲੋੜ ਦਾ ਸਾਮਾਨ ਤਿਆਰ ਕਰਨ ਨੂੰ ਮਹੱਤਵ ਦੇਣ ‘ਸਵੈ ਸਹਾਇਤਾ ਗਰੁੱਪ’- ਡਿਪਟੀ ਕਮਿਸ਼ਨਰ ਮਾਨਸਾ*

0
33

ਮਾਨਸਾ, 18 ਜੁਲਾਈ  (ਸਾਰਾ ਯਹਾਂ/ ਮੁੱਖ ਸੰਪਾਦਕ ): ਪੰਜਾਬ ਸਟੇਟ ਰੂਰਲ ਲਿਵਲੀਹੂਡ ਮਿਸ਼ਨ ਸਕੀਮ ਅਧੀਨ ਜ਼ਿਲ੍ਹੇ ਅੰਦਰ ਰਜਿਸਟਰਡ ਸਵੈ ਸਹਾਇਤਾ ਗਰੁੱਪਾਂ ਨੂੰ ਲੋਕਾਂ ਦੀ ਲੋੜ ਦਾ ਸਾਮਾਨ ਤਿਆਰ ਕਰਨ ਨੂੰ ਮਹੱਤਵ ਦੇਣ ਲਈ ਪ੍ਰੇਰਿਤ ਕਰਦਿਆਂ ਅੱਜ ਸਥਾਨਕ ਜ਼ਿਲ੍ਹਾ ਪ੍ਰੀਸਦ ਵਿਖੇ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਹੁਨਰ ਹਾਟ ਦੀ ਸ਼ੁਰਆਤ ਕੀਤੀ। ਉਨ੍ਹਾਂ ਮਹਿਲਾ ਸਵੈ ਸਹਾਇਤਾ ਗਰੁੱਪ ਦੇ ਮੈਂਬਰਾਂ ਦੁਆਰਾ ਵੱਖ-ਤਰ੍ਹਾਂ ਦੇ ਤਿਆਰ ਕੀਤੇ ਹੈਂਡੀਕ੍ਰਾਫਟ, ਟੇਲਰਡ ਕੱਪੜੇ, ਜੂਟ ਅਤੇ ਕੱਪੜੇ ਦੇ ਬੈਗ, ਸੈਨੇਟਰੀ ਉਤਪਾਦ ਝਾੜੂ, ਫਿਨਾਇਲ ਆਦਿ ਵੇਖ ਕੇ ਜ਼ਿੱਥੇ ਸਵੈ ਸਹਾਇਤਾ ਗਰੁੱਪਾਂ ਦੀ ਸ਼ਲਾਘਾ ਕੀਤੀ, ਉਥੇ ਹੀ ਕਿਹਾ ਕਿ ਬਾਜ਼ਾਰ ਅੰਦਰ ਲੋਕਾਂ ਦੀਆਂ ਰੋਜ਼ਾਨਾਂ ਵਰਤੋਂ ’ਚ ਆਉਣ ਵਾਲੀਆਂ ਚੀਜ਼ਾਂ ਬਣਾਈਆ ਜਾਣ ਤਾਂ ਜੋ ਵੱਧ ਤੋਂ ਵੱਧ ਸਾਮਾਨ ਵੇਚ ਕੇ ਆਰਥਿਕ ਤੌਰ ’ਤੇ ਹੋਰ ਮਜ਼ਬੂਤ ਬਣਿਆ ਜਾ ਸਕੇ।
ਉਨ੍ਹਾਂ ਸਵੈ ਸਹਾਇਤਾ ਗਰੁੱਪਾਂ ਦੇ ਮੈਬਰਾਂ ਨੂੰ ਕਿਹਾ ਕਿ ਹੱਥੀ ਤਿਆਰ ਕੀਤੇ ਸਾਮਾਨ ਦੀ ਫੇਸਬੁੱਕ ਅਤੇ ਆਧੁਨਿਕ ਸਾਧਨਾਂ ਰਾਹੀ ਵੱਧ ਤੋਂ ਵੱਧ ਲੋਕਾਂ ਤੱਕ ਮਸ਼ਹੂਰੀ ਕੀਤੀ ਜਾਵੇ, ਤਾਂ ਜੋ ਹਰੇਕ ਵਿਅਕਤੀ ਆਪਣੀ ਲੋੜ ਦਾ ਸਾਮਾਨ ਆਨਲਾਈਨ ਵਿਧੀ ਰਾਹੀਂ ਵੀ ਖਰੀਦ ਕਰ ਸਕੇ। ਉਨ੍ਹਾਂ ਕਿਹਾ ਕਿ ਹੱਥੀਂ ਤਿਆਰ ਕੀਤੇ ਸਾਮਾਨ ਨੂੰ ਵਾਜ਼ਬ ਕੀਮਤਾਂ ’ਤੇ ਵੇਚਿਆ ਜਾਵੇ, ਤਾਂ ਜੋ ਹਰੇਕ ਲੋੜਵੰਦ ਵਿਅਕਤੀ ਖਰੀਦ ਕਰ ਸਕੇ ਅਤੇ ਵੱਧ ਵਿਕਰੀ ਵੱਧ ਹੋ ਸਕੇ। ਉਨ੍ਹਾਂ ਕਿਹਾ ਕਿ ਸੈਲਫ ਹੈਲਪ ਗਰੁੱਪ ਰਾਹੀਂ ਆਪਣੀ ਆਮਦਨ ਵਿਚ ਵਾਧਾ ਕਰਨ ਵਾਲੀਆਂ ਕਾਮਯਾਬ ਔਰਤਾਂ ਦੇ ਪ੍ਰੇਰਨਾਦਾਇਕ ਵੀਡੀਓ ਕਲਿੱਪ ਫੇਸਬੁੱਕ ਪੇਜ਼ ’ਤੇ ਸਾਂਝੇ ਕੀਤੇ ਜਾਣ ਤਾਂ ਜੋ ਗ਼ਰੀਬੀ ਦੇ ਮਹੌਲ ਵਿਚ ਜਿਊਂ ਰਹੀਆਂ ਔਰਤਾਂ ਇਸ ਕੰਮ ਵੱਲ ਆਕਰਸ਼ਕ ਹੋਣ ਅਤੇ ਆਪਣੇ ਪੈਰਾਂ ’ਤੇ ਖੜ੍ਹੀਆਂ ਹੋ ਸਕਣ। ਉਨ੍ਹਾਂ ਕਿਹਾ ਕਿ ਸਵੈ ਸਹਾਇਤਾ ਗਰੁੱਪਾਂ ਦਾ ਮੁੱਖ ਮੰਤਵ ਹੀ ਆਮਦਨ ਵਿਚ ਵਾਧਾ ਕਰਨਾ ਹੈ।


ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹੋਰ ਵੱਖ ਵੱਖ ਗਤੀਵਿਧੀਆਂ ਇਨ੍ਹਾਂ ਗਰੁੱਪਸ ਲਈ ਉਲੀਕੀਆਂ ਜਾਣਗੀਆਂ, ਜਿਸ ਤਹਿਤ ਸਾਵਣ ਦੇ ਮੇਲੇ ਦੌਰਾਨ ਅਤੇ ਹੋਰ ਪ੍ਰਦਰਸ਼ਨੀਆਂ ਵਿਚ ਇਨ੍ਹਾਂ ਗਰੁੱਪਸ ਨੂੰ ਆਪਣੇ ਪ੍ਰੋਡਕਸ ਸਮੇਤ ਸ਼ਿਰਕਤ ਕਰਨ ਦਾ ਮੌਕਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸਵੈ ਸਹਾਇਤਾ ਗਰੁੱਪਾਂ ਦੀਆਂ ਔਰਤਾਂ ਦਾ ਇੱਕ ਸਮੂਹ ਆਪਣੀ ਭੋਜਨ-ਕੈਟਰਿੰਗ ਸੇਵਾ ਸੁਰੂ ਕਰੇਗਾ ਅਤੇ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਵਿੱਚ ਕੰਮ ਕਰਦੇ ਸਾਰੇ ਸਰਕਾਰੀ ਵਿਭਾਗਾਂ ਵਿੱਚ ਆਪਣੇ ਉਤਪਾਦ ਪਹੁੰਚਾਏਗਾ। ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮਾਨਸਾ ਹੁਨਰ ਹਾਟ ਦਾ ਦੌਰਾ ਕਰਨ ਅਤੇ ਇਨ੍ਹਾਂ ਔਰਤਾਂ ਨੂੰ ਪ੍ਰੇਰਿਤ ਕਰਨ।
  ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਟੀ. ਬੈਨਿਥ ਨੇ ਦੱਸਿਆ ਕਿ ਮਾਨਸਾ ਵਿੱਚ 1 ਹਜ਼ਾਰ ਤੋਂ ਵਧੇਰੇ ਸਵੈ ਸਹਾਇਤਾ ਗਰੁੱਪ ਸਰਗਰਮੀ ਨਾਲ ਕੰਮ ਕਰ ਰਹੇ ਹਨ, ਇਨ੍ਹਾਂ ਸਮੂਹਾਂ ਨੂੰ ਆਰ ਸੈਟੀ, ਦੀਨ ਦਿਆਲ ਉਪਾਧਿਆ ਗ੍ਰਾਮੀਣ ਕੌਸ਼ਲ ਯੋਜਨਾ, ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ, ਅਤੇ ਸੀ.ਐੱਸ.ਆਰ. ਸੰਸਥਾਵਾਂ ਦੁਆਰਾ ਰੁਜ਼ਗਾਰ ਅਤੇ ਹੁਨਰ ਦਿੱਤੇ ਜਾਂਦੇ ਹਨ। ਮਾਨਸਾ ਹੁਨਰ ਹਾਟ ਤੋਂ ਉਤਪਾਦ ਆਰਡਰ ਕਰਨ ਲਈ ਜ਼ਿਲ੍ਹਾ ਪ੍ਰੋਗਰਾਮ ਮੈਨੇਜ਼ਰ ਜਸਵਿੰਦਰ ਕੌਰ ਨਾਲ  8727079017 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here