ਬਠਿੰਡਾ 8 ਅਪ੍ਰੈਲ (ਸਾਰਾ ਯਹਾਂ/ਮੁੱਖ ਸੰਪਾਦਕ) : ਕੋਰਟ ਕਚਹਿਰੀ ਚ ਇਨਸਾਫ ਦੀ ਉਮੀਦ ਲੈ ਕੇ ਸੱਚੇ ਸੁੱਚੇ ਲੋਕਾਂ ਲਈ ਫੌਜਦਾਰੀ ਕੇਸਾਂ ਚ ਹਜ਼ਾਰਾਂ ਲੋਕਾਂ ਨੂੰ ਇਨਸਾਫ ਦੇਣ ਵਾਲੇ ਨਾਮਵਰ ਅਤੇ ਸੀਨੀਅਰ ਵਕੀਲ ਉਦੇ ਪ੍ਰਤਾਪ ਸਿੰਘ ਸਿੱਧੂ ਬੇਸ਼ੱਕ ਨਹੀਂ ਰਹੇ,ਪਰ ਉਨ੍ਹਾਂ ਵੱਲ੍ਹੋਂ ਇਮਾਨਦਾਰੀ ਨਾਲ ਨਿਭਾਈ ਗਈ ਭੂਮਿਕਾ ਲੋਕਾਂ ਦੀ ਕਨੂੰਨ ਪ੍ਰਤੀ ਆਸਥਾ ਨੂੰ ਬਰਕਰਾਰ ਰੱਖੇਗੀ।
ਉਨ੍ਹਾਂ ਦੇ ਦੇਹਾਂਤ ਮੌਕੇ ਬਠਿੰਡਾ ਕੋਰਟ ਚ ਇਕ ਦਿਨ ਲਈ ਸਾਰਾ ਕੰਮ ਅੱਗੇ ਪਾਇਆ ਗਿਆ ਅਤੇ ਹਰ ਕੋਈ ਉਨ੍ਹਾਂ ਵੱਲ੍ਹੋਂ ਨਿਭਾਏ ਗਏ ਫਰਜ਼ਾਂ ਨੂੰ ਯਾਦ ਕਰ ਰਿਹਾ ਸੀ, ਜੱਜਾਂ , ਵਕੀਲਾਂ ਅਤੇ ਆਮ ਲੋਕਾਂ ਨਾਲ ਇਨਸਾਨੀਅਤ ਦਾ ਜਿਹੜਾ ਰੁਤਬਾ ਉਹ ਸ਼ਿੱਦਤ ਨਾਲ ਨਿਭਾ ਕੇ ਗਏ ਹਨ,ਉਹ ਕਿਸੇ ਵਿਰਲੇ ਹੱਥ ਹੀ ਆਉਂਦਾ ਹੈ। ਉਨ੍ਹਾਂ ਦੇ ਪੁੱਤਰ ਵੀ ਵਕੀਲ ਹਨ ਅਤੇ ਰਿਸ਼ਤੇਦਾਰ ਵੀ ਉੱਚ ਅਹੁਦਿਆਂ ‘ਤੇ ਰਹੇ ਹਨ ਅਤੇ ਖਾਨਦਾਨ ਠਾਠ ਬਾਠ ਵਾਲਾ ਹੈ,ਉਹ ਟਰਾਂਸਪੋਰਟ ਵੀ ਰਹੇ,ਉਨ੍ਹਾਂ ਦੇ ਪੁਰਖਿਆਂ ਦਾ ਸਬੰਧ ਗੁਰੂ ਗੋਬਿੰਦ ਸਿੰਘ ਨਾਲ ਵੀ ਦੱਸਿਆ ਜਾ ਰਿਹਾ ਹੈ ਹਨ,ਪਰ ਉਨ੍ਹਾਂ ਨੇ ਕਦੇ ਇਨਸਾਨੀਅਤ ਕਦਰਾਂ ਕੀਮਤਾਂ ਨਹੀਂ ਥਿੜਕਣ ਦਿੱਤੀਆਂ। ਉਦੇ ਪ੍ਰਤਾਪ ਸਿੰਘ ਸਿੱਧੂ ਐਡਵੋਕੇਟ ਬੇਸ਼ੱਕ ਸੰਸਾਰਿਕ ਯਾਤਰਾ ਪੂਰੀ ਕਰ ਕੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ ਪਰ ਉਨ੍ਹਾਂ ਦੁਆਰਾ ਕੀਤੇ ਗਏ ਕੰਮਾਂ ਲਈ ਹਮੇਸ਼ਾਂ ਉਨ੍ਹਾਂ ਨੂੰ ਯਾਦ ਕੀਤਾ ਜਾਵੇਗਾ । ਉਨ੍ਹਾਂ ਦਾ ਜਨਮ 20 ਜੁਲਾਈ 1935 ਨੂੰ ਹੋਇਆ । ਆਪ ਨੇ ਆਪਣੀ ਪੜ੍ਹਾਈ ਪੰਜਾਬ ਯੂਨੀਵਰਸਿਟੀ ਤੋਂ ਪੂਰੀ ਕੀਤੀ ।ਇਸ ਉਪਰੰਤ ਸਰਕਾਰੀ ਵਕੀਲ ਵਜੋਂ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ । 1974 ਤੱਕ ਉਨ੍ਹਾਂ ਨੇ ਵੱਖ ਵੱਖ ਥਾਵਾਂ ‘ਤੇ ਸ਼ਾਨਦਾਰ ਸੇਵਾ ਨਿਭਾਈ। ਉਨ੍ਹਾਂ ਨੇ ਹਮੇਸ਼ਾ ਆਪਣੇ ਕੰਮ ਨੂੰ ਸੇਵਾ ਭਾਵਨਾ ਨਾਲ ਸਮਰਪਿਤ ਹੋ ਕੇ ਕੀਤਾ । ਬਤੌਰ ਸਰਕਾਰੀ ਵਕੀਲ ਕੰਮ ਕਰਨ ਉਪਰੰਤ ਉਨ੍ਹਾਂ ਨੇ ਪ੍ਰਾਈਵੇਟ ਤੌਰ ‘ਤੇ ਲਗਪਗ 44 ਸਾਲ ਬਤੌਰ ਕ੍ਰਿਮੀਨਲ ਲਾਇਰ ਕੰਮ ਕੀਤਾ । ਇਸ ਦੌਰਾਨ ਆਪ ਦਾ ਟੀਚਾ ਹਮੇਸ਼ਾਂ ਅਪਰਾਧੀਆਂ ਨੂੰ ਸਜ਼ਾ ਦਿਵਾਉਣਾ ਅਤੇ ਬੇਗੁਨਾਹ ਨੂੰ ਹੱਕ ਦਿਵਾਉਣਾ ਰਿਹਾ। ਉਨ੍ਹਾਂ ਨੇ ਜਿੱਥੇ ਬੇਗ਼ੁਨਾਹਾਂ ਨੂੰ ਹੱਕ ਦਿਵਾਏ ਉੱਥੇ ਉਨ੍ਹਾਂ ਵੱਲੋਂ ਕੀਤੇ ਕਾਰਜ ਅਗਲੀ ਪੀੜ੍ਹੀ ਲਈ ਪ੍ਰੇਰਨਾ ਸਰੋਤ ਵੀ ਬਣਿਆ। ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਆਪ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ। ਪਰਿਵਾਰ ਹਲਕਿਆਂ ਅਤੇ ਇਲਾਕੇ ਭਰ ਚ ਬੇਸ਼ੱਕ ਸੋਗ ਦੀ ਲਹਿਰ ਹੈ,ਪਰ ਇਸ ਗੱਲ ਦੀ ਤਸੱਲੀ ਵੀ ਹੈ,ਕਿ ਉਨ੍ਹਾਂ ਦੇ ਕੀਤੇ ਨੇਕ ਕਾਰਜਾਂ ਨੂੰ ਸਦਾ ਯਾਦ ਰੱਖਣਗੇ। ਉਨ੍ਹਾਂ ਨਮਿਤ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਮਾਡਲ ਟਾਊਨ,
ਫੇਸ 1, ਬਠਿੰਡਾ ਵਿਖੇ ਭਲਕੇ 9 ਅਪ੍ਰੈਲ ਨੂੰ ਦੁਪਹਿਰ ਵੇਲੇ ਹੋਵੇਗਾ।