
ਚੰਡੀਗੜ੍ਹ, 31 ਮਾਰਚ (ਸਾਰਾ ਯਹਾਂ/ ਮੁੱਖ ਸੰਪਾਦਕ) : ਲੋਕਪਾਲ ਪੰਜਾਬ ਜਸਟਿਸ ਵਿਨੋਦ ਕੁਮਾਰ ਸ਼ਰਮਾ ਵੱਲੋਂ ਅੱਜ ਏ.ਡੀ.ਜੀ.ਪੀ. ਲੋਕਪਾਲ ਦੇ ਰੀਡਰ ਵਜੋਂ ਤਾਇਨਾਤ ਰਾਸ਼ਟਰਪਤੀ ਮੈਡਲ ਜੇਤੂ ਇੰਸਪੈਕਟਰ ਕੇਸਰ ਸਿੰਘ ਨੂੰ ਸੇਵਾਮੁਕਤ ਹੋਣ ‘ਤੇ ਸਨਮਾਨਿਤ ਕੀਤਾ ਗਿਆ।
ਕੇਸਰ ਸਿੰਘ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਜਸਟਿਸ ਸ਼ਰਮਾ ਨੇ ਕਿਹਾ ਕਿ ਕੇਸਰ ਸਿੰਘ ਨੇ ਆਪਣੀਆਂ ਸੇਵਾਵਾਂ ਪੂਰੀ ਤਨਦੇਹੀ ਨਾਲ ਨਿਭਾਈਆਂ ਹਨ ਅਤੇ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਵੱਡਮੁੱਲੀਆਂ ਪ੍ਰਾਪਤੀਆਂ ਹਾਸਲ ਕੀਤੀਆਂ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸ. ਕੇਸਰ ਸਿੰਘ ਨੇ ਪੰਜਾਬ ਪੁਲਿਸ ਵਿਚ ਆਪਣੀ 38 ਸਾਲ ਦੀ ਸੇਵਾ ਪੂਰੀ ਲਗਨ ਅਤੇ ਤਨਦੇਹੀ ਨਾਲ ਮੁਕੰਮਲ ਕੀਤੀ ਅਤੇ ਉਹਨਾਂ ਨੇ ਬਹੁਤ ਸਾਰੇ ਮੈਡਲ ਵਿਸ਼ੇਸ਼ ਤੌਰ ‘ਤੇ 60 ਪ੍ਰਸ਼ੰਸਾ ਪੱਤਰ ਪ੍ਰਾਪਤ ਕੀਤੇ। ਕੇਸਰ ਸਿੰਘ ਨੂੰ 2013 ਵਿੱਚ ਆਪਣੀ ਡਿਊਟੀ ਪ੍ਰਤੀ ਸਮਰਪਣ ਲਈ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ।
ਪੰਜਾਬ ਸਿਵਲ ਸਕੱਤਰੇਤ-2 ਵਿਖੇ ਉਹਨਾਂ ਦੀ ਸੇਵਾਮੁਕਤੀ ਮੌਕੇ ਕਰਵਾਏ ਸਨਮਾਨ ਸਮਾਰੋਹ ਦੌਰਾਨ ਲੋਕਪਾਲ ਜਸਟਿਸ ਸ਼ਰਮਾ ਨੇ ਕੇਸਰ ਸਿੰਘ ਨੂੰ ਨਿੱਘੀ ਵਧਾਈ ਦਿੱਤੀ ਅਤੇ ਸੇਵਾ ਮੁਕਤੀ ਉਪਰੰਤ ਸਫ਼ਲ, ਸਿਹਤਮੰਦ ਅਤੇ ਖੁਸ਼ਹਾਲ ਜੀਵਨ ਦੀ ਕਾਮਨਾ ਕੀਤੀ। ਜਸਟਿਸ ਸ਼ਰਮਾ ਨੇ ਕੇਸਰ ਸਿੰਘ ਦੇ ਹੋਰਨਾਂ ਸਾਥੀਆਂ ਨੂੰ ਉਨ੍ਹਾਂ ਦੇ ਨਕਸ਼ੇ ਕਦਮਾਂ ‘ਤੇ ਚੱਲਣ ਅਤੇ ਆਪਣੀਆਂ ਸੇਵਾਵਾਂ ਪ੍ਰਤੀ ਵੱਡਮੁੱਲਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਜਸਟਿਸ ਸ਼ਰਮਾ ਨੇ ਅੱਗੇ ਕਿਹਾ ਕਿ ਸੇਵਾਮੁਕਤੀ ਉਪਰੰਤ ਉਹਨਾਂ (ਕੇਸਰ ਸਿੰਘ) ਦੀ ਗੈਰਹਾਜ਼ਰੀ ਉਹਨਾਂ ਦੇ ਸਾਥੀਆਂ ਨੂੰ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਭੂ ਰਾਜ ਆਈ.ਪੀ.ਐਸ. ਏ.ਡੀ.ਜੀ.ਪੀ. ਲੋਕਪਾਲ ਪੰਜਾਬ, ਰਾਜੀਵ ਪਰਾਸ਼ਰ ਆਈ.ਏ.ਐਸ. ਸਕੱਤਰ ਲੋਕਪਾਲ ਪੰਜਾਬ, ਇੰਦਰਜੀਤ ਕੌਸ਼ਿਕ ਰਜਿਸਟਰਾਰ ਲੋਕਪਾਲ ਪੰਜਾਬ, ਹਰਬੰਸ ਸਿੰਘ ਸਕੱਤਰ ਮੰਤਰੀ/ਲੋਕਪਾਲ ਪੰਜਾਬ ਅਤੇ ਕੇਸਰ ਸਿੰਘ ਦੇ ਪਰਿਵਾਰਕ ਮੈਂਬਰ ਮੌਜੂਦ ਸਨ।
———–
