(ਸਾਰਾ ਯਹਾਂ/ਬਿਊਰੋ ਨਿਊਜ਼ ) : ਇਮੀਗ੍ਰੇਸ਼ਨ ਤੇ ਵੀਜ਼ਾ ਸੈਂਟਰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਸ਼ਰੇਆਮ ਲੋਕਾਂ ਦੀ ਲੁੱਟ ਕਰ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਕਈ ਇਮੀਗ੍ਰੇਸ਼ਨ ਤੇ ਵੀਜ਼ਾ ਸੈਂਟਰਾਂ ਕੋਲ ਲਾਇਸੰਸ ਤੱਕ ਵੀ ਨਹੀਂ। ਉਹ ਬਗੈਰ ਆਗਿਆ ਹੀ ਆਪਣਾ ਧੰਦਾ ਚਲਾ ਰਹੇ ਹਨ। ਵਿਦੇਸ਼ ਭੇਜਣ ਦਾ ਝਾਂਸਾ ਦੇ ਲੁੱਟ ਦੀਆਂ ਵਧਦੀਆਂ ਵਾਰਦਾਤਾਂ ਮਗਰੋਂ ਚੰਡੀਗੜ੍ਹ ਵਿੱਚ ਸਖਤੀ ਕੀਤੀ ਗਈ ਤਾਂ ਕਈ ਖੁਲਾਸੇ ਹੋਏ।
ਹਾਸਲ ਜਾਣਕਾਰੀ ਮੁਤਾਬਕ ਚੰਡੀਗੜ੍ਹ ਪੁਲਿਸ ਨੇ ਬੁੱਧਵਾਰ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ ਹੋ ਰਹੀ ਧੋਖਾਧੜੀਆਂ ’ਤੇ ਨੱਥ ਪਾਉਣ ਲਈ ਸ਼ਹਿਰ ਵਿਚਲੇ ਇਮੀਗ੍ਰੇਸ਼ਨ ਤੇ ਵੀਜ਼ਾ ਸੈਂਟਰਾਂ ’ਤੇ ਛਾਪੇ ਮਾਰੇ ਗਏ। ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਸੈਕਟਰਾਂ ’ਚ ਸਥਿਤ ਸੈਂਟਰਾਂ ’ਚ ਜਾ ਕੇ ਦਸਤਾਵੇਜ਼ਾਂ ਦੀ ਜਾਂਚ ਕੀਤੀ। ਇਸ ਦੌਰਾਨ ਕਈ ਬੇਨਿਯਮੀਆਂ ਪਾਈਆਂ ਗਈਆਂ।
ਇਸ ਦੌਰਾਨ ਬਿਨਾਂ ਲਾਈਸੈਂਸ ਤੋਂ ਕੰਮ ਕਰਨ ਸਬੰਧੀ 13 ਜਣਿਆਂ ਵਿਰੁੱਧ ਕੇਸ ਦਰਜ ਕੀਤਾ ਹੈ। ਇਹ ਕਾਰਵਾਈ ਚੰਡੀਗੜ੍ਹ ਦੇ ਥਾਣਾ ਸੈਕਟਰ-17, 34, 36 ਤੇ ਇੰਡਸਟਰੀਅਲ ਏਰੀਆ ਦੀ ਪੁਲੀਸ ਨੇ ਐਸਐਸਪੀ ਕੰਵਰਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਕੀਤੀ ਹੈ। ਇਸ ਕਾਰਵਾਈ ਮਗਰੋਂ ਇਮੀਗ੍ਰੇਸ਼ਨ ਤੇ ਵੀਜ਼ਾ ਸੈਂਟਰ ਦਾ ਕੰਮ ਕਰਨ ਵਾਲਿਆਂ ਅੰਦਰ ਸਹਿਮ ਦਾ ਮਾਹੌਲ ਹੈ।
ਹਾਸਲ ਜਾਣਕਾਰੀ ਅਨੁਸਾਰ ਥਾਣਾ ਸੈਕਟਰ-17 ਦੀ ਪੁਲਿਸ ਨੇ ਸੈਕਟਰ-17 ਤੇ 22 ਵਿੱਚ ਚੱਲ ਰਹੇ ਵੱਖ-ਵੱਖ ਇਮੀਗ੍ਰੇਸ਼ਨ ਤੇ ਵੀਜ਼ਾ ਸੈਂਟਰਾਂ ਦੀ ਚੈਕਿੰਗ ਕੀਤੀ ਤਾਂ ਕਈ ਜਣੇ ਪੁਲਿਸ ਨੂੰ ਦਸਤਾਵੇਜ਼ ਨਹੀਂ ਦਿਖਾ ਸਕੇ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਉਹ ਬਿਨਾਂ ਲਾਈਸੈਂਸ ਤੋਂ ਇਮੀਗ੍ਰੇਸ਼ਨ ਸੇਂਟਰ ਚਲਾ ਰਹੇ ਹਨ। ਇਸੇ ਤਰ੍ਹਾਂ ਥਾਣਾ ਸੈਕਟਰ-34 ਦੀ ਪੁਲੀਸ ਨੇ ਸੈਕਟਰ-34 ’ਚ ਚੈਕਿੰਗ ਕੀਤੀ ਤਾਂ ਤਿੰਨ ਜਣੇ ਬਿਨਾਂ ਲਾਈਸੈਂਸ ਤੋਂ ਕੰਮ ਕਰ ਰਹੇ ਸਨ।