ਲੁਧਿਆਣਾ 27,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਲੁਧਿਆਣਾ ਅਦਾਲਤ ਵਿੱਚ ਹੋਏ ਬੰਬ ਧਮਾਕੇ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਬੰਬ ਧਮਾਕੇ ਤੋਂ 48 ਘੰਟੇ ਪਹਿਲਾਂ ਮ੍ਰਿਤਕ ਗਗਨਦੀਪ ਤੇ ਉਸ ਦੇ ਨਾਲ ਇੱਕ ਔਰਤ ਖੰਨਾ ਦੇ ਇੱਕ ਹੋਟਲ ਵਿੱਚ ਠਹਿਰੇ ਸਨ। ਉਨ੍ਹਾਂ ਕੋਲ ਇੱਕ ਬੈਗ ਵੀ ਸੀ।
ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਨੇ 24 ਘੰਟੇ ਲਈ ਕਮਰਾ ਲਿਆ ਸੀ ਪਰ ਉਹ ਸਿਰਫ 3 ਤੋਂ 4 ਘੰਟੇ ਹੀ ਠਹਿਰੇ ਸੀ। ਜਾਂਚ ਟੀਮ ਨੇ ਖੰਨਾ ਦੇ ਇਸ ਹੋਟਲ ਡਾਊਨ ਟਾਊਨ ‘ਚੋਂ ਸੀਸੀਟੀਵੀ ਫੁਟੇਜ ਵੀ ਕਬਜ਼ੇ ‘ਚ ਲੈ ਲਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਾਂਚ ਟੀਮ ਨੂੰ ਸ਼ੱਕ ਹੈ ਕਿ ਧਮਾਕਾਖੇਜ਼ ਸਮੱਗਰੀ ਬੈਗ ‘ਚ ਸੀ ਤੇ ਬੰਬ ਹੋਟਲ ਦੇ ਕਮਰੇ ‘ਚ ਅਸੰਬੈਲ ਕੀਤਾ ਗਿਆ ਹੋਵੇ।ਦੱਸਣਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਦੇ ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਕਿਹਾ ਸੀ ਕਿ ਮ੍ਰਿਤਕ ਗਗਨਦੀਪ ਸਿੰਘ ਪੰਜਾਬ ਪੁਲਿਸ ਦਾ ਇੱਕ ਬਰਖਾਸਤ ਅਧਿਕਾਰੀ ਸੀ ਅਤੇ ਅਮਨਦੀਪ ਅਤੇ ਵਿਕਾਸ ਇਸ ਦੇ ਸਾਥੀ ਸਨ, ਜਿਨ੍ਹਾਂ ਖਿਲਾਫ ਨਸ਼ੇ ਦਾ ਕੇਸ ਦਰਜ ਸੀ। ਉਨ੍ਹਾਂ ਖ਼ੁਲਾਸਾ ਕੀਤਾ ਕਿ ਜੇਲ੍ਹ ਦੇ ਅੰਦਰ ਹੀ ਇਨ੍ਹਾਂ ਦਾ ਨਸ਼ੇ ਅਤੇ ਬੰਬ ਰੱਖਣ ਵਾਲੇ ਲੋਕਾਂ ਨਾਲ ਸੰਪਰਕ ਹੋਇਆ ਸੀ। ਡੀਜੀਪੀ ਨੇ ਦੱਸਿਆ ਕਿ ਜੇਲ੍ਹ ਦੇ ਅੰਦਰ ਹੀ ਇਨ੍ਹਾਂ ਦੇ ਸਬੰਧ ਖਾਲਿਸਤਾਨੀਆਂ ਨਾਲ, ਨਸ਼ਾ ਤਸਕਰਾਂ ਅਤੇ ਦੇਸ਼ ਤੋਂ ਬਾਹਰਲੇ ਲੋਕਾਂ ਨਾਲ ਜੁੜੇ ਸਨ। ਡੀਜੀਪੀ ਨੇ ਦੱਸਿਆ ਕਿ ਫੋਰੈਂਸਿਕ ‘ਚ ਜਾਂਚ ਦਾ ਵਿਸ਼ਾ ਹੈ ਪਰ ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਧਮਾਕਾ ਕਿਵੇਂ ਹੋਇਆ ਹੈ। ਹਾਲਾਂਕਿ ਇਸ ਤੋਂ ਪਹਿਲਾਂ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਗਗਨਦੀਪ ਅਦਾਲਤ ਦੇ ਰਿਕਾਰਡ ਰੂਮ ਨੂੰ ਧਮਾਕੇ ਨਾਲ ਉਡਾਣਾ ਚਾਹੁੰਦਾ ਸੀ। ਗਗਨਦੀਪ ਸਿੰਘ ਪੰਜਾਬ ਪੁਲਿਸ ਦਾ ਬਰਖ਼ਾਸਤ ਕਾਂਸਟੇਬਲ ਸੀ ਅਤੇ ਨਸ਼ਾ ਤਸਕਰੀ ਦੇ ਕੇਸ ਵਿੱਚ ਵੀ ਮੁਲਜ਼ਮ ਸੀ। ਇਸ ਤੋਂ ਬਾਅਦ ਦੇਰ ਰਾਤ ਪੁਲਸ ਗਗਨਦੀਪ ਦੇ ਭਰਾ ਨੂੰ ਜਾਂਚ ਅਤੇ ਪੁੱਛਗਿੱਛ ਲਈ ਆਪਣੇ ਨਾਲ ਲੈ ਗਈ ਹੈ।