ਲੁਧਿਆਣਾ 15,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼): ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ 11 ਸਾਲਾ ਜਬਰ ਜਨਾਹ ਪੀੜਤਾ ਵੱਲੋਂ ਇੱਕ ਬੱਚੇ ਨੂੰ ਜਨਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ‘ਚ 10 ਮਹੀਨੇ ਪਹਿਲਾਂ ਇੱਕ ਨੌਜਵਾਨ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਜਬਰ-ਜਨਾਹ ਕੀਤਾ ਸੀ ਤੇ ਕਈ ਮਹੀਨਿਆਂ ਤੱਕ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਆਖਰ ਸੱਚ ਬਾਹਰ ਆ ਗਿਆ ਹੈ।
ਇਸ ਮਾਮਲੇ ’ਚ ਥਾਣਾ ਕੂੰਮਕਲਾਂ ਦੀ ਪੁਲਿਸ ਨੇ ਪੀੜਤਾ ਦੇ ਪਿਤਾ ਦੇ ਬਿਆਨ ਦਰਜ ਕਰਕੇ ਇੱਕ ਨੌਜਵਾਨ ਖ਼ਿਲਾਫ਼ ਪੋਸਕੋ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਫਿਲਹਾਲ ਦੋਸ਼ੀ ਫਰਾਰ ਹੈ। ਥਾਣਾ ਸਦਰ ਦੇ ਇੰਚਾਰਜ ਰਣਬੀਰ ਸਿੰਘ ਨੇ ਦੱਸਿਆ ਕਿ ਪੀੜਤ ਲੜਕੀ ਦੇ ਮਾਤਾ-ਪਿਤਾ ਮਜ਼ਦੂਰ ਹਨ। ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਨਾਬਾਲਗ ਨੇ ਪਹਿਲਾਂ ਪਰਿਵਾਰ ਨੂੰ ਇਸ ਬਾਰੇ ਨਹੀਂ ਦੱਸਿਆ ਸੀ।
ਇਸ ਮੌਕੇ ਪੁਲਿਸ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਨਾਬਾਲਗ ਮੂਲ ਰੂਪ ’ਚ ਬਿਹਾਰ ਦੇ ਸਮਸਤੀਪੁਰ ਇਲਾਕੇ ਦੀ ਰਹਿਣ ਵਾਲੀ ਹੈ ਤੇ ਪਰਿਵਾਰ ਦੇ ਨਾਲ ਇੱਥੇ ਰਹਿ ਰਹੀ ਸੀ। ਨਜ਼ਦੀਕੀ ਫੈਕਟਰੀ ‘ਚ ਕੰਮ ਕਰਦੇ ਸ਼ਸ਼ੀਕਾਂਤ ਨਾਂ ਦੇ ਨੌਜਵਾਨ ਨੇ ਵਿਆਹ ਦਾ ਝਾਂਸਾ ਦੇ ਕੇ 11 ਸਾਲਾ ਲੜਕੀ ਨਾਲ ਜਬਰ ਜਨਾਹ ਕੀਤਾ।
ਜਦੋਂ ਉਹ ਗਰਭਵਤੀ ਹੋ ਗਈ ਤਾਂ ਮੁਲਜ਼ਮ ਨੇ ਉਸ ਨੂੰ ਧਮਕਾਇਆ ਤੇ ਕਿਸੇ ਨੂੰ ਨਾ ਦੱਸਣ ਲਈ ਕਿਹਾ। ਜਦੋਂ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਆਪਣੀ ਜਾਣ -ਪਛਾਣ ਵਾਲੀ ਕਿਸੇ ਔਰਤ ਨੂੰ ਬੁਲਾ ਕੇ ਲੜਕੀ ਨਾਲ ਗੱਲ ਕਰਵਾਈ ਤੇ ਲੜਕੀ ਨੇ ਆਪਣੀ ਬੀਤੀ ਹੱਡਬੀਤੀ ਦੱਸ ਦਿੱਤੀ ਜਿਸ ਮਗਰੋਂ ਉਕਤ ਔਰਤ ਬੱਚੀ ਨੂੰ ਆਪਣੇ ਘਰ ਲੈ ਗਈ।
ਪਰਿਵਾਰ ਦਾ ਦੋਸ਼ ਹੈ ਕਿ ਔਰਤ ਨੇ ਮੁਲਜ਼ਮ ਨਾਲ ਮਿਲ ਕੇ ਇਸ ਗੱਲ ਨੂੰ ਛੁਪਾਉਣ ਦੀ ਕੋਸ਼ਿਸ਼ ਵੀ ਕੀਤੀ। ਇਸ ਤੋਂ ਬਾਅਦ ਸ਼ਨੀਵਾਰ ਨੂੰ ਉਸ ਨੇ ਦੁਬਾਰਾ ਥਾਣਾ ਕੂੰਮਕਲਾਂ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ। ਸੋਮਵਾਰ ਨੂੰ ਲੜਕੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਨੇ ਲੜਕੇ ਨੂੰ ਜਨਮ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਤੁਰੰਤ ਮਾਮਲਾ ਦਰਜ ਕਰ ਲਿਆ।