11,ਮਈ (ਸਾਰਾ ਯਹਾਂ/ਬਿਊਰੋ ਨਿਊਜ਼) : ਲੁਧਿਆਣਾ ਦੇ ਫੋਕਲ ਪੁਆਇੰਟ ਸਥਿਤ ਫੇਜ਼ 7 ਵਿੱਚ 6 ਬਦਮਾਸ਼ਾਂ ਵੱਲੋਂ ਇੱਕ ਕੱਪੜਾ ਫੈਕਟਰੀ ਚੋਂ ਕਰੀਬ 15 ਲੱਖ ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।
ਦੱਸ ਦਈਏ ਕਿ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਫੈਕਟਰੀ ਮਾਲਕ ਵੱਲੋਂ ਤਨਖਾਹ ਵੰਡਣ ਲਈ ਬੈਂਕ ਚੋਂ ਕਰੀਬ 18 ਲੱਖ ਰੁਪਏ ਕਢਵਾਏ ਸੀ। ਇਸ ਦੌਰਾਨ ਇੱਕ ਟਰੱਕ ਫੈਕਟਰੀ ਕੋਲ ਆਇਆ ਜਿਸ ਨਾਲ ਦੋਸ਼ੀ ਅੰਦਰ ਵੜ ਗਏ। ਮੁਲਜ਼ਮਾਂ ਨੇ ਹਥਿਆਰਾਂ ਦੀ ਮਦਦ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਫਿਲਹਾਲ ਪੁਲਿਸ ਜਾਂਚ ਦੀ ਗੱਲ ਕਹਿ ਕੇ ਜ਼ਿਆਦਾ ਗੱਲ ਕਰਨ ਤੋਂ ਗੁਰੇਜ਼ ਕਰ ਰਹੀ ਹੈ।
ਇਸ ਦੇ ਨਾਲ ਹੀ ਜਾਣਕਾਰੀ ਮਿਲੀ ਹੈ ਕਿ ਛੇ ਹਥਿਆਰਬੰਦ ਲੁਟੇਰਿਆਂ ਚੋਂ ਤਿੰਨ ਫੈਕਟਰੀ ਵਿੱਚ ਦਾਖਲ ਹੋਏ ਅਤੇ ਤਿੰਨ ਬਾਹਰ ਹੀ ਰਹੇ। ਅੰਦਰ ਦਾਖਲ ਹੋਏ ਲੁਟੇਰਿਆਂ ਨੇ ਹਥਿਆਰ ਦਿਖਾ ਕੇ ਸਾਰੇ ਪੈਸੇ ਇਕੱਠੇ ਕਰ ਲਏ ਅਤੇ ਆਪਣੇ ਸਾਥੀਆਂ ਸਮੇਤ ਫ਼ਰਾਰ ਹੋ ਗਏ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਖੁਦ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਨੇ ਘਟਨਾ ਦਾ ਜਾਇਜ਼ਾ ਲਿਆ। ਪੁਲਿਸ ਫੈਕਟਰੀ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ। ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਫੈਕਟਰੀ ਦੇ ਕਿਸੇ ਜਾਣਕਾਰ ਵਿਅਕਤੀ ਦੀ ਲੁਟੇਰਿਆਂ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਜਿਸ ਕਾਰਨ ਦੋਸ਼ੀਆਂ ਨੂੰ ਪਤਾ ਲੱਗਾ ਕਿ ਕਿਸ ਸਮੇਂ ਤਨਖਾਹ ਵੰਡੀ ਜਾਣੀ ਹੈ। ਲੁਟੇਰੇ ਸਿੱਧੇ ਉਸੇ ਥਾਂ ‘ਤੇ ਗਏ ਜਿੱਥੇ ਪੈਸੇ ਰੱਖੇ ਹੋਏ ਸੀ। ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ ਚੋਰੀ ਅਤੇ ਚੋਰੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।