
ਬਠਿੰਡਾ 22 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਐਤਵਾਰ ਨੂੰ ਡੇਰਾ ਸਿਰਸਾ ਅਧਾਰਤ ਸਭ ਤੋਂ ਵੱਡੇ ਡੇਰਾ ਅਤੇ ਸੂਬਾ ਹੈਡਕੁਆਟਰ ਸਲਾਬਤਪੁਰਾ ਵਿਖੇ ਤਣਾਅ ਉਸ ਵੇਲੇ ਵੱਧ ਗਿਆ ਜਦੋਂ 1000-1500 ਦੇ ਕਰੀਬ ਡੇਰਾ ਸਮਰਥਕ ਸੜਕ ਤੇ ਉਤਰ ਆਏ। ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਭਗਤਾ ਭਾਈਕਾ ਵਿਖੇ ਡੇਰਾ ਸਮਰਥਕ ਮਨੋਹਰ ਲਾਲ ਦੀ ਹੱਤਿਆ ਕਰ ਦਿੱਤੀ ਗਈ ਸੀ।ਹੁਣ ਡੇਰਾ ਸਮਰਥਕ ਮਨੋਹਰ ਲਾਲ ਲਈ ਇਨਸਾਫ ਦੀ ਮੰਗ ਕਰ ਰਹੇ ਹਨ।
ਦੱਸ ਦੇਈਏ ਕਿ ਡੇਰਾ ਸਮਰਥਕ ਮਨੋਹਰ ਲਾਲ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।ਨਕਾਬਪੋਸ਼ ਦੋ ਅਣਪਛਾਤੇ ਮੋਟਰ ਸਾਇਕਲ ‘ਤੇ ਸਵਾਰ ਹੋ ਕੇ ਆਏ ਅਤੇ ਮਨੀ ਐਕਸਚੇਂਜ਼ ਦੀ ਦੁਕਾਨ ‘ਚ ਵੜ ਗਏ।ਜਿਸ ਮਗਰੋਂ ਮੁਲਜ਼ਮਾਂ ਨੇ ਅੰਨੇਵਾਹ ਗੋਲੀਆਂ ਚਲਾਈਆਂ।ਜ਼ਿਕਰਯੋਗ ਗੱਲ ਇਹ ਹੈ ਕਿ ਮਨੋਹਰ ਦੇ ਬੇਟੇ ਜਤਿੰਦਰ ਅਰੋੜਾ ਉਰਫ ਜਿੰਮੀ ਅਰੋੜਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਚਾਰ ਮਾਮਲਿਆਂ ‘ਚ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ।

ਡੇਰਾ ਪ੍ਰੇਮੀ ਇਸ ਗੱਲ ਤੇ ਅੜੇ ਹੋਏ ਹਨ ਕਿ ਉਹ ਮਨੋਹਰ ਲਾਲ ਦਾ ਅੰਤਿਮ ਸੰਸਕਾਰ ਓਨੀਂ ਦੇਰ ਤੱਕ ਨਹੀਂ ਕਰਨਗੇ ਜਦ ਤੱਕ ਪੁਲਿਸ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਲੈਂਦੀ।ਸ਼ਨੀਵਾਰ ਨੂੰ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਡੇਰਾ ਸਮਰਥਕਾਂ ਨੇ ਲਾਸ਼ ਨੂੰ ਸਿਵਲ ਹਸਪਤਾਲ ਤੋਂ ਸਲਾਬਤਪੁਰਾ ਡੇਰੇ ਲੈ ਗਏ। ਜ਼ਿਲ੍ਹਾ ਪ੍ਰਸ਼ਾਸਨ ਨੇ ਸਮਰਥਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਡੇਰੇ ਦੀ 45 ਮੈਂਬਰੀ ਕਮੇਟੀ ਨਾਲ ਮੀਟਿੰਗ ਵੀ ਕੀਤੀ। ਐਸਐਸਪੀ ਭੁਪਿੰਦਰ ਸਿੰਘ ਵਿਰਕ ਗੱਲਬਾਤ ਕਿਸੇ ਸਿੱਟੇ ਤੇ ਨਾ ਪਹੁੰਚਦੀ ਵੇਖ ਉਥੋਂ ਚਲੇ ਗਏ ਸੀ।
ਡੇਰਾ ਸਮਰਥਕਾਂ ਨੇ ਬਰਨਾਲਾ-ਭਗਤਾ ਮੁੱਖ ਮਾਰਗ ਨੂੰ ਪੂਰੀ ਤਰ੍ਹਾਂ ਜਾਮ ਕੀਤਾ ਹੋਇਆ ਹੈ ਅਤੇ ਮ੍ਰਿਤਕ ਦੀ ਲਾਸ਼ ਨੂੰ ਰੋਸ ਸਥਾਨ’ ਤੇ ਫ੍ਰੀਜ਼ਰ ਵਿਚ ਰੱਖ ਕੇ ਅਣਮਿੱਥੇ ਸਮੇਂ ਲਈ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।
ਸ਼ੁਰੂਆਤੀ ਜਾਂਚ ਵਿਚ ਮਾਮਾਲ ਟਾਰਗੇਟ ਕਿਲਿੰਗ ਦਾ ਲੱਗਦਾ ਹੈ। ਜਿੰਮੀ ਅਰੋੜਾ ਹੁਣ ਬੇਅਦਬੀ ਦੇ ਕੇਸਾਂ ‘ਚ ਜ਼ਮਾਨਤ ‘ਤੇ ਹੈ। ਉਸ ਦੇ ਪਿਤਾ ਮਨੋਹਰ ਲਾਲ ਵੈਸਟਰਨ ਯੂਨੀਅਨ ਦੀ ਬ੍ਰਾਂਚ ਚਲਾਉਂਦੇ ਸੀ। ਦੋ ਨਕਾਬਪੋਸ਼ ਹਥਿਆਰੰਬਦ ਦੁਕਾਨ ‘ਚ ਡਾਲਰ ਐਕਸਚੇਂਜ ਦੇ ਬਹਾਨੇ ਆਏ ਤੇ ਸ਼ਰੇਆਮ ਗੋਲ਼ੀਆਂ ਮਾਰ ਕੇ ਫਰਾਰ ਹੋ ਗਏ।
ਕਤਲ ਦੀ ਪੂਰੀ ਵਾਰਦਾਤ ਸੀਸੀਟੀਵੀ ‘ਚ ਕੈਦ ਹੋ ਗਈ। ਪੰਜ ਸਾਲ ਪਹਿਲਾਂ ਪੰਜਾਬ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ 100 ਤੋਂ ਜਿਆਦਾ ਘਟਨਾਵਾਂ ਹੋਈਆਂ ਸੀ। ਜਿਸ ‘ਤੇ ਜੰਮ ਕੇ ਸਿਆਸਤ ਵੀ ਹੋਈ। ਕੈਪਟਨ ਸਰਕਾਰ ਨੇ ਰਿਟਾਇਰਡ ਜੱਜ ਦਾ ਕਮਿਸ਼ਨ ਬਿਠਾਇਆ ਤੇ ਹੁਣ SIT ਜਾਂਚ ਵੀ ਚੱਲ ਰਹੀ ਹੈ।
