ਨਵੀਂ ਦਿੱਲੀ 28 ਜਨਵਰੀ (ਸਾਰਾ ਯਹਾਂ /ਬਿਓਰੋ ਰਿਪੋਰਟ): ਦਿੱਲੀ ‘ਚ ਗਣਤੰਤਰ ਦਿਵਸ ਮੌਕੇ ਕਿਸਾਨ ਟ੍ਰੈਕਟਰ ਰੈਲੀ ਦੌਰਾਨ ਹੋਈ ਹਿੰਸਾ ‘ਚ ਗ੍ਰਹਿ ਮੰਤਰਾਲੇ ਵੱਲੋਂ ਕਾਰਵਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।ਜਿਸ ਤੋਂ ਬਾਅਦ ਦਿੱਲੀ ਪੁਲਿਸ ਹੁਣ ਐਕਸ਼ਨ ‘ਚ ਹੈ। ਪੁਲਿਸ ਨੇ ਟ੍ਰੈਕਟਰ ਪਰੇਡ ਲਈ NOC ‘ਤੇ ਸਾਇਨ ਕਰਨ ਵਾਲੇ ਸਾਰੇ ਲੀਡਰਾਂ ਖਿਲਾਫ ਨਾਮਜਦ ਐਫਆਈਆਰ ਦਰਜ ਕੀਤੀ ਹੈ। ਇਸ ਦੇ ਨਾਲ ਹੀ 31 ਜਨਵਰੀ ਤਕ ਦਿੱਲੀ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਜਿਹੜੇ ਕਿਸਾਨ ਲੀਡਰਾਂ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ ਉਨ੍ਹਾਂ ‘ਚ ਹਰਪਾਲ ਸਿੰਘ ਬੂਟਾ, ਦਰਸ਼ਨ ਪਾਲ, ਰਾਕੇਸ਼ ਟਿਕੈਤ, ਯੋਗੇਂਦਰ ਯਾਦਵ, ਵੀਐਮ ਸਿੰਘ, ਵਿਜੇਂਦਰ ਸਿੰਘ, ਵਿਨੋਦ ਕੁਮਾਰ, ਰਾਜੇਂਦਰ ਸਿੰਘ, ਬਲਬੀਰ ਸਿੰਘ ਰਾਜੇਵਾਲ, ਜਗਤਾਰ ਬਾਜਵਾ, ਜੋਗਿੰਦਰ ਸਿੰਘ ਉਗਰਾਹਾਂ ਤੇ ਮੇਘਾ ਪਾਟੇਕਰ ਮੁੱਖ ਤੌਰ ਤੇ ਹਨ।
ਦੇਰ ਰਾਤ ਦਿੱਲੀ ਪੁਲਿਸ ਨੇ ਦਰਸ਼ਨ ਪਾਲ ਨੂੰ ਨੋਟਿਸ ਜਾਰੀ ਕਰਕੇ ਕਿਹਾ ਕਿ ਹਿੰਸਾ ਨੂੰ ਲੈਕੇ ਕਿਉਂ ਨਾ ਤੁਹਾਡੇ ਖਿਲਾਫ ਕਾਰਵਾਈ ਹੋਵੇ। ਦਿੱਲੀ ਪੁਲਿਸ ਕਮਿਸ਼ਨਰ ਐਸਐਨ ਸ੍ਰੀਵਾਸਤਵ ਨੇ ਬੁੱਧਵਾਰ ਕਿਹਾ ਕਿ ਪਹਿਲਾਂ ਤੋਂ ਤੈਅ ਸਾਜ਼ਿਸ਼ ਤਹਿਤ ਕਿਸਾਨ ਲੀਡਰਾਂ ਨੇ ਭੜਕਾਊ ਭਾਸ਼ਣ ਦੇਕੇ ਲੋਕਾਂ ਨੂੰ ਉਕਸਾਇਆ ਤੇ ਪਲਾਨਿੰਗ ਤਹਿਤ ਰਾਜਧਾਨੀ ‘ਚ ਹਿੰਸਾ ਕਰਵਾਈ।
200 ਤੋਂ ਜ਼ਿਆਦਾ ਲੋਕ ਹਿਰਾਸਤ ‘ਚ ਲਏ
ਲਾਲ ਕਿਲ੍ਹੇ ‘ਤੇ ਝੰਡਾ ਲਹਿਰਾਉਣਾ ਵੀ ਲੀਡਰਾਂ ਦੀ ਸਾਜ਼ਿਸ਼ ਦਾ ਹਿੱਸਾ ਸੀ। ਇਸ ਸਬੰਧੀ ਦਿੱਲੀ ਪੁਲਿਸ ਨੇ ਲੁੱਟ, ਹੱਤਿਆ, ਡਕੈਤੀ, ਜਾਨ ਤੋਂ ਮਾਰਨ ਦੀ ਕੋਸ਼ਿਸ਼ ਤੇ ਸਰਕਾਰੀ ਸੰਪੱਤੀ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ‘ਚ 35 ਐਫਆਈਆਰ ਦਰਜ ਕੀਤੀਆਂ ਹਨ। ਜਿੰਨ੍ਹਾਂ ‘ਚ 72 ਲੋਕਾਂ ਨੂੰ ਹੁਣ ਤਕ ਨਾਮਜ਼ਦ ਕੀਤਾ ਹੈ। ਇਨ੍ਹਾਂ ‘ਚੋਂ 23 ਲੋਕਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ। ਜਦਕਿ 200 ਤੋਂ ਜ਼ਿਆਦਾ ਲੋਕ ਹਿਰਾਸਤ ‘ਚ ਲਏ ਗਏ ਹਨ।
ਗਣਤੰਤਰ ਦਿਵਸ ‘ਤੇ ਹੋਈ ਹਿੰਸਾ ‘ਚ 394 ਪੁਲਿਸ ਕਰਮੀਆਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਖਬਰ ਹੈ। ਜਿੰਨ੍ਹਾਂ ‘ਚੋਂ 12 ਆਈਸੀਯੂ ‘ਚ ਭਰਤੀ ਹਨ। ਪੁਲਿਸ ਦਾ ਕਹਿਣਾ ਹੈ ਕਿ ਕਿਸਾਨ ਲੀਡਰਾਂ ਦੀ ਆੜ ਹੇਠਾਂ ਜਿਵੇਂ ਪ੍ਰਦਰਸ਼ਨਕਾਰੀਆਂ ਨੇ ਹਿੰਸਾ ਕੀਤੀ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਬੈਠਕ ਮਗਰੋਂ ਸਖਤ ਕਾਰਵਾਈ ਦੇ ਹੁਕਮ ਜਾਰੀ ਕਰ ਦਿੱਤੇ ਹਨ।