ਮਾਨਸਾ •, 4 ਮਈ ( ਸਾਰਾ ਯਹਾ/ਬਲਜੀਤ ਸ਼ਰਮਾ) ਕੋਰੋਨਾ ਵਾਇਰਸ ਦੇ ਚੱਲਦਿਆ ਦੇਸ਼ ਭਰ ਵਿੱਚ ਪਿਛਲੇ 40 ਦਿਨਾਂ ਤੋਂ ਲੱਗੇ ਕਰਫਿਊ ਦੌਰਾਨ ਗਰੀਬ ਲੋਕ ਦੋ ਵਖਤ ਦੀ ਰੋਟੀ ਲਈ ਤਰਸ ਰਿਹਾ ਹੈ। ਜਿਸ ਨੂੰ ਲੈ ਕੇ ਰੇਲਵੇ ਤ੍ਰਿਵੈਣੀ ਮੰਦਰ ਵਿਖੇ ਲੋੜਮੰਦ ਵਿਆਕਤੀ ਸਵੇਰੇ ਸ਼ਾਮ ਰੋਟੀ ਦੇ ਜੁਗਾੜ ਲਈ ਚੱਕਰ ਲਗਾ ਰਹੇ ਹਨ। ਇਸ ਗੱਲ ਨੂੰ ਦੇਖਦਿਆਂ ਤ੍ਰਿਵੈਣੀ ਮੰਦਰ ਦੇ ਪ੍ਰਧਾਨ ਅਸ਼ੋਕ ਲਾਲੀ ਦੀ ਅਗਵਾਈ ਹੇਠ ਉਨ੍ਹਾਂ ਗਰੀਬ ਪਰਿਵਾਰਾਂ ਤੱਕ ਰਾਸ਼ਨ ਪਹੁੰਚਾਉਣ ਦਾ ਬੀੜਾ ਚੁੱਕਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਰ ਦੇ ਪ੍ਰਧਾਨ ਅਸ਼ੋਕ ਲਾਲੀ ਨੇ ਦੱਸਿਆ ਕਿ ਬੇਸ਼ੱਕ ਪ੍ਰਸ਼ਾਸ਼ਨ ਵੱਲੋਂ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਸੁੱਕੇ ਰਾਸ਼ਨ ਦੀਆਂ ਕਿਟਾਂ ਭੇਜੀਆਂ ਗਈਆਂ ਸਨ, ਪਰ Àਹ ਨਾ ਕਾਫੀ ਸਨ। ਉਹ ਰਾਸ਼ਨ ਹਰ ਇੱਕ ਗਰੀਬ ਪਰਿਵਾਰ ਤੱਕ ਨਹੀਂ ਪਹੁੰਚਿਆ। ਉਨ੍ਹਾਂ ਕਿਹਾ ਕਿ ਅੱਜ ਵੀ ਅਨੇਕਾਂ ਪਰਿਵਾਰ ਦੋ ਵਖਤ ਦੀ ਰੋਟੀ ਤੋਂ ਵਾਂਝੇ ਸਨ। ਉਨ੍ਹਾਂ ਕਿਹਾ ਕਿ ਤ੍ਰਿਵੈਣੀ ਮੰਦਰ ਵੱਲੋਂ ਲਗਭਗ 4000 ਦੇ ਕਰੀਬ ਰਾਸ਼ਨ ਕਿੱਟਾਂ ਉਨ੍ਹਾਂ ਪਰਿਵਾਰਾਂ ਨੂੰ ਦਿੱਤੀਆਂ ਗਈਆਂ ਜੋ ਅਤਿ ਜਰੂਰਤਮੰਦ ਸਨ। ਉਨਾਂ ਕਿਹਾ ਕਿ ਇਹ ਰਾਸ਼ਨ ਸਮੱਗਰੀ ਸ਼ਹਿਰ ਵਾਸ਼ੀਆਂ ਵੱਲੋਂ ਦਿੱਤੇ ਜਾ ਰਹੇ ਦਾਨ ਸਦਕਾ ਦਿੱਤੀ ਜਾ ਰਹੀ ਹੈ।
ਤ੍ਰਿਵੈਣੀ ਮੰਦਰ ਦੇ ਪ੍ਰਧਾਨ ਲਾਲੀ ਨੇ ਕਿਹਾ ਕਿ ਕਮੇਟੀ ਵੱਲੋਂ ਰਾਸ਼ਨ ਦੇ ਨਾਲ ਨਾਲ ਜਰੂਰਤਮੰਦ ਪਰਿਵਾਰਾਂ ਨੂੰ ਘਰ ਬੈਠੇ ਦਵਾਈ ਮੁਹੱਈਆ ਕਰਵਾਉਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋੜਵੰਦ ਵਿਅਕਤੀ ਜੋ ਦਵਾਈ ਖਰੀਦਣ ਤੋਂ ਅਸਮੱਰਥ ਹਨ। ਉਹ ਤ੍ਰਿਵੈਣੀ ਮੰਦਰ ਦੇ ਆਗੂਆਂ ਨੂੰ ਵਟਸਐਪ ਜਰੀਏ ਆਪਣੀ ਦਵਾਈ ਦੀ ਪਰਚੀ ਸੈਂਡ ਕਰ ਸਕਦੇ ਹਨ। ਦਵਾਈ ਉਨ੍ਹਾਂ ਦੇ ਘਰ ਬੈਠੇ ਹੀ ਪਹੁੰਚ ਜਾਵੇਗੀ। ਪ੍ਰਧਾਨ ਨੇ ਦੱਸਿਆ ਕਿ ਤ੍ਰਿਵੈਣੀ ਮੰਦਰ ਵੱਲੋਂ ਹਜਾਰਾਂ ਲੋਕਾਂ ਲਈ ਭੋਜਨ, ਰਾਸ਼ਨ ਤੋਂ ਇਲਾਵਾ ਮਹੀਨਾਵਾਰ ਪੈਨਸ਼ਨ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲਾਕਡਾਊਨ ਖੁੱਲਣ ਤੋਂ ਮਗਰੋਂ ਇੱਕ ਵਾਰ ਫਿਰ ਵਿਧਵਾ ਔਰਤਾਂ ਲਈ ਰਾਸ਼ਨ ਅਤੇ ਪੈਨਸ਼ਨ ਦੇਣ ਦੀ ਸਕੀਮ ਫਿਰ ਸ਼ੁਰੂ ਕੀਤੀ ਜਾਵੇਗੀ। ਉਨਾਂ ਸ਼ਹਿਰ ਵਾਸੀਆਂ ਨੂੰ ਇਸ ਨੇਕ ਕਾਰਜ ਲਈ ਵੱਧ ਤੋਂ ਵੱਧ ਦਾਨ ਦੇਣ ਦੀ ਅਪੀਲ ਕੀਤੀ। ਇਸ ਮੌਕੇ ਪ੍ਰਵੀਨ ਟੋਨੀ ਸ਼ਰਮਾ, ਪ੍ਰਸ਼ੋਤਮ ਬਾਂਸਲ, ਵਿਸ਼ਾਲ ਗੋਲਡੀ, ਬਲਜੀਤ ਸ਼ਰਮਾ, ਮੁਕੇਸ਼ ਨਿੱਕਾ, ਸ਼ਤੀਸ ਸੇਠੀ, ਬਿੱਲੂ ਭਾਟੀਆ, ਮਦਨ ਲਾਲ, ਅੰਕੁਸ਼ ਕੇਲਾ, ਘਣਸ਼ਿਆਮ ਦਾਸ, ਦਸੇਰੀ, ਕਾਲਾ, ਨਿੰਬੂ, ਕ੍ਰਿਸ਼ਨ ਬਾਂਸਲ, ਸੋਹਣ ਲਾਲ, ਸੱਤਪਾਲ ਜੌੜਕੀਆਂ, ਭਗੀਰਥ ਸੈਨ, ਸੁਰਿੰਦਰ ਜੈਨ ਆਦਿ ਨੇ ਤ੍ਰਿਵੈਣੀ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ ਅਤੇ ਸਮੱਰਥਾ ਅਨੁਸਾਰ ਯੋਗਦਾਨ ਦੇਣ ਦਾ ਵੀ ਵਾਅਦਾ ਕੀਤਾ।