
ਫਗਵਾੜਾ 10 ਦਸੰਬਰ (ਸਾਰਾ ਯਹਾਂ/ਸ਼ਿਵ ਕੋੜਾ) ਲਘੂ ਉਦਯੋਗ ਭਾਰਤੀ ਨੇ ਫਗਵਾੜਾ ਦੇ ਮੇਹਲੀ ਗੇਟ ਇਲਾਕੇ ‘ਚ ਗਊਸ਼ਾਲਾ ਦੇ ਅੰਦਰ ਦੋ ਦਰਜਨ ਤੋਂ ਵੱਧ ਗਊਆਂ ਦੀ ਮੌਤ ਨੂੰ ਲੈ ਕੇ ਦੁੱਖ ਦਾ ਪ੍ਰਗਟਾਵਾ ਅਤੇ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ। ਅੱਜ ਇੱਥੇ ਜਾਰੀ ਇਕ ਪ੍ਰੈਸ ਬਿਆਨ ਵਿਚ ਲਘੂ ਉਦਯੋਗ ਭਾਰਤੀ ਦੇ ਪ੍ਰਧਾਨ ਪੰਕਜ ਗੌਤਮ, ਅਸ਼ੋਕ ਸੇਠੀ ਮੀਤ ਪ੍ਰਧਾਨ ਪੰਜਾਬ ਅਤੇ ਹੋਰਨਾਂ ਨੇ ਕਿਹਾ ਕਿ ਇਹ ਘਟਨਾ ਬਹੁਤ ਹੀ ਮੰਦਭਾਗੀ ਹੈ। ਇਸ ਦੁਖ ਦੀ ਘੜੀ ‘ਚ ਲਘੂ ਉਦਯੋਗ ਭਾਰਤੀ ਸ਼ਹਿਰ ਵਾਸੀਆਂ ਦੇ ਨਾਲ ਹੈ। ਉਹਨਾਂ ਨੇ ਪੁਲਿਸ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਨਾਤਨ ਸਮਾਜ ਵਿਚ ਉੱਚਾ ਤੇ ਪਵਿੱਤਰ ਦਰਜਾ ਰੱਖਦੀਆਂ ਗਊਆਂ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇ। ਜੇਕਰ ਇਸ ਘਟਨਾ ਦੇ ਪਿੱਛੇ ਕੋਈ ਸਾਜਿਸ਼ ਹੈ ਅਤੇ ਕੋਈ ਸ਼ੱਕੀ ਵਿਅਕਤੀ ਸ਼ਾਮਲ ਹੈ ਤਾਂ ਉਸ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ ਤਾਂ ਜੋ ਅਜਿਹੀ ਹਰਕਤ ਦੁਬਾਰਾ ਨਾ ਹੋਵੇ। ਉਹਨਾਂ ਨੇ ਇਲਾਕਾ ਨਿਵਾਸੀਆਂ ਨੂੰ ਵੀ ਸ਼ਾਂਤੀ ਕਾਇਮ ਰੱਖਣ ਦੀ ਪੁਰਜੋਰ ਅਪੀਲ ਕੀਤੀ। ਇਸ ਦੌਰਾਨ ਮਿ੍ਰਤਕ ਗਊਆਂ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਵੀ ਕੀਤੀ ਗਈ। ਇਸ ਮੌਕੇ ਅਨਿਲ ਸਿੰਗਲਾ, ਇੰਦਰ ਪਾਲ ਖੁਰਾਣਾ, ਚੰਦਰ ਸ਼ੇਖਰ ਗੁਪਤਾ, ਮੁਖਿੰਦਰ ਸਿੰਘ, ਅਰਵਿੰਦ ਬੱਗਾ, ਸੁਦੇਸ਼ ਸ਼ਰਮਾ ਆਦਿ ਵੀ ਹਾਜਰ ਸਨ।
