Patiala News (ਸਾਰਾ ਯਹਾਂ/ਬਿਊਰੋ ਨਿਊਜ਼ ) ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਤਿ ਨਜ਼ਦੀਕੀ ਤੇ ਸਲਾਹਕਾਰ ਰਹੇ ਭਰਤਇੰਦਰ ਸਿੰਘ ਚਾਹਲ ਅੱਜ ਵਿਜੀਲੈਂਸ ਕੋਲ ਪੇਸ਼ ਹੋ ਹੀ ਗਏ। ਵਿਜੀਲੈਂਸ ਕਈ ਵਾਰ ਭਰਤਇੰਦਰ ਚਾਹਲ ਨੂੰ ਬੁਲਾ ਚੁੱਕੀ ਹੈ ਪਰ ਉਹ ਪੇਸ਼ ਨਹੀਂ ਹੋ ਰਹੇ ਸੀ। ਵਿਜੀਲੈਂਸ ਉਨ੍ਹਾਂ ਨੂੰ 10 ਵਾਰ ਸੰਮਨ ਭੇਜ ਚੁੱਕੀ ਹੈ। ਚਾਹਲ ਦੀ ਅਗਾਊਂ ਜ਼ਮਾਨਤ ਵੀ ਰੱਦ ਹੋ ਚੁੱਕੀ ਹੈ। ਅੱਜ ਆਖ਼ਰ ਉਹ ਵਿਜੀਲੈਂਸ ਕੋਲ ਪੇਸ਼ ਹੋ ਹੀ ਗਏ।
ਸੂਤਰਾਂ ਅਨੁਸਾਰ ਪਟਿਆਲਾ ਦੇ ਮਹਿੰਗੇ ਇਲਾਕੇ ਮਿੰਨੀ ਸਕੱਤਰੇਤ ਰੋਡ ’ਤੇ ਭਰਤਇੰਦਰ ਚਾਹਲ ਵੱਲੋਂ ਬਣਾਇਆ ਬਹੁਤ ਕਰੋੜੀ ਮਲਟੀਪਲੈਕਸ ਸ਼ਾਪਿੰਗ ਮਾਲ ਦਾ ਮੁਲਾਂਕਣ ਕਰਨ ਲਈ ਉਨ੍ਹਾਂ ਨੂੰ ਵਿਜੀਲੈਂਸ ਵੱਲੋਂ ਕੀਤੇ ਸੰਮਨ ਕੀਤੇ ਗਏ। ਉਹ ਵਿਜੀਲੈਂਸ ਕੋਲ ਨਹੀਂ ਪੁੱਜੇ ਤੇ ਉਨ੍ਹਾਂ ਦੀ ਗੈਰ ਹਾਜ਼ਰੀ ਵਿਚ ਹੀ ਸ਼ਾਪਿੰਗ ਮਾਲ ਦਾ ਮੁਲਾਂਕਣ ਕੀਤਾ ਗਿਆ।
ਉਸ ਤੋਂ ਬਾਅਦ ਜਦੋਂ ਸਰਹਿੰਦ ਰੋਡ ਤੇ’ ਬਣਾਇਆ ਮੈਰਿਜ ਪੈਲੇਸ ਅਲਕਾਜ਼ਾਰ ਦਾ ਮੁਲਾਂਕਣ ਕਰਨਾ ਸੀ ਤਾਂ ਚਾਹਲ ਨੂੰ 6 ਵਾਰ ਬੁਲਾਇਆ ਗਿਆ ਪਰ ਉਨ੍ਹਾਂ ਕਦੇ ਵੀ ਵਿਜੀਲੈਂਸ ਦੇ ਸੰਮਨ ਦਾ ਜਵਾਬ ਨਹੀਂ ਦਿੱਤਾ। ਉਨ੍ਹਾਂ ਦੀ ਗ਼ੈਰਹਾਜ਼ਰੀ ਵਿੱਚ ਹੀ ਅਲਕਾਜ਼ਾਰ ਦਾ ਮੁਲਾਂਕਣ ਵਿਜੀਲੈਂਸ ਨੇ ਕੀਤਾ।
ਇਸ ਤੋਂ ਇਲਾਵਾ ਨਾਭਾ ਰੋਡ ’ਤੇ ਟੋਲ ਪਲਾਜ਼ਾ ਕੋਲ 9 ਏਕੜ ਜ਼ਮੀਨ ਦਾ ਜਾਇਜ਼ਾ ਲੈਣ ਲਈ ਵੀ ਵਿਜੀਲੈਂਸ ਨੇ ਚਾਹਲ ਦੀ ਹਾਜ਼ਰੀ ਮੰਗੀ ਸੀ ਪਰ ਉਹ ਗੈਰ ਹਾਜ਼ਰ ਰਹੇ। ਉਸ ਤੋਂ ਬਾਅਦ ਸਰਹਿੰਦ ਤੋਂ ਮੰਡੀ ਗੋਬਿੰਦਗੜ੍ਹ ਰੋਡ ’ਤੇ ਹਰਬੰਸਪੁਰਾ ਕੋਲ ਪੈਟਰੋਲ ਪੰਪ ਦੇ ਕੋਲ ਖ਼ਰੀਦੀ 4 ਏਕੜ ਪ੍ਰਾਪਰਟੀ ਦੀ ਜਾਂਚ ਵੀ ਵਿਜੀਲੈਂਸ ਨੇ ਚਾਹਲ ਦੀ ਗੈਰ ਹਾਜ਼ਰੀ ਵਿਚ ਹੀ ਕੀਤੀ।
ਹਾਸਲ ਜਾਣਕਾਰੀ ਮੁਤਾਬਕ ਪੰਚਕੂਲਾ ਵਿਚ ਸਥਿਤ ਚਾਹਲ ਦੀ ਵੱਡੀ ਕੋਠੀ ਬਾਰੇ ਵੀ ਵਿਜੀਲੈਂਸ ਜਾਣਨਾ ਚਾਹੁੰਦੀ ਹੈ ਕਿ ਉਹ ਕਿੱਥੋਂ ਆਈ ਹੈ ਪਰ ਇਸ ਸਾਰੀ ਪ੍ਰਾਪਰਟੀ ਬਾਰੇ ਵਿਜੀਲੈਂਸ ਨੂੰ ਕੋਈ ਵੀ ਪਤਾ ਨਹੀਂ ਲੱਗਾ।