ਨਵੀਂ ਦਿੱਲੀ 26 ,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ): ਅਮਰੀਕੀ ਬੌਂਡ ਦੇ ਯੀਲਡ ‘ਚ ਹਲਕੀ ਬੜਤ ਤੇ ਹੋਰ ਮਜਬੂਤ ਅਮਰੀਕੀ ਡਾਲਰ ਨੇ ਸੋਨਾ ਤੇ ਚਾਂਦੀ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ। ਕੌਮਾਂਤਰੀ ਬਜ਼ਾਰ ‘ਚ ਸ਼ੁੱਕਰਵਾਰ ਸੋਨਾ 1725.50 ਡਾਲਰ ਪ੍ਰਤੀ ਔਂਸ ‘ਤੇ ਪਹੁੰਚ ਗਿਆ ਤੇ ਇਸ ਤੋਂ ਪਿਛਲੇ ਸੈਸ਼ਨ ‘ਚ ਇਹ 1721.46 ਡਾਲਰ ਪ੍ਰਤੀ ਔਂਸ ‘ਤੇ ਪਹੁੰਚ ਗਿਆ ਸੀ। ਜੋ ਹਫਤੇ ਦਾ ਹੇਠਲਾ ਪੱਧਰ ਸੀ। ਪਿਛਲੇ ਇਕ ਹਫਤੇ ‘ਚ ਸੋਨੇ ‘ਚ ਇਕ ਫੀਸਦ ਤੋਂ ਜ਼ਿਆਦਾ ਦੀ ਗਿਰਾਵਟ ਆਈ ਕਿਉਂਕਿ ਡਾਲਰ ‘ਚ ਲਗਾਤਾਰ ਮਜਬੂਤੀ ਦਿਖ ਰਹੀ ਸੀ।
ਐਮਸੀਐਕਸ ‘ਚ ਡਿੱਗਾ ਗੋਲਡ ਤੇ ਸਿਲਵਰ
ਘਰੇਲੂ ਬਜ਼ਾਰ ‘ਚ ਐਮਸੀਐਕਸ ‘ਚ ਸੋਨਾ ਫਿਊਚਰ ਸ਼ੁੱਕਰਵਾਰ 0.23 ਫੀਸਦ ਘਟ ਕੇ 44,590 ‘ਤੇ ਪਹੁੰਚ ਗਿਆ। ਉੱਥੇ ਹੀ ਚਾਂਦੀ ਘਟ ਕੇ 64,840 ਰੁਪਏ ਪ੍ਰਤੀ ਕਿੱਲੋ ‘ਤੇ ਆ ਗਈ। ਇਸ ਤੋਂ ਪਿਛਲੇ ਸੈਸ਼ਨ ‘ਚ ਗੋਲਡ 0.35 ਫੀਸਦ ਡਿੱਗਾ ਸੀ ਤੇ ਸਿਲਵਰ 0.5 ਫੀਸਦ। ਇਸ ਮਹੀਨੇ ਦੀ ਸ਼ੁਰੂਆਤ ‘ਚ ਸੋਨਾ 44,150 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਪਹੁੰਚ ਗਿਆ ਸੀ, ਜੋ ਇਸ ਸਾਲ ਹੇਠਲਾ ਪੱਧਰ ਸੀ। ਅਗਸਤ 2020 ‘ਚ ਗੋਲਡ 52,200 ਰੁਪਏ ਦੇ ਸਿਖਰਲੇ ਪੱਧਰ ‘ਤੇ ਪਹੁੰਚ ਗਿਆ ਸੀ। ਉਦੋਂ ਤੋਂ ਹੁਣ ਤਕ 11,500 ਰੁਪਏ ਦੀ ਗਿਰਾਵਟ ਆ ਚੁੱਕੀ ਹੈ।
ਦਿੱਲੀ ਬਜ਼ਾਰ ‘ਚ ਵੀ ਸੋਨਾ ਸਸਤਾ
ਵੀਰਵਾਰ ਦਿੱਲੀ ‘ਚ ਸੋਨਾ 44 ਰੁਪਏ ਦੀ ਤੇਜ਼ੀ ਨਾਲ 44,347 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ। ਪਿਛਲੇ ਕਾਰੋਬਾਰੀ ਸੈਸ਼ਨ ‘ਚ ਸੋਨਾ 44,303 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ ਸੀ। ਹਾਲਾਂਕਿ ਚਾਂਦੀ 637 ਰੁਪਏ ਦੀ ਗਿਰਾਵਟ ਨਾਲ 64,110 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ।
ਕੌਮਾਂਤਰੀ ਬਜ਼ਾਰ ‘ਚ ਫਿਰ ਚਮਕੇਗਾ ਸੋਨਾ
ਕੌਮਾਂਤਰੀ ਬਜ਼ਾਰ ‘ਚ ਅਮਰੀਕੀ ਬੌਂਡ ਦੇ ਯੀਲਡ ‘ਚ ਇਜ਼ਾਫੇ ਤੇ ਡਾਲਰ ਦੀ ਮਜਬੂਤੀ ਕਾਰਨ ਸੋਨਾ-ਚਾਂਦੀ ਦੇ ਭਾਅ ਘਟੇ ਹਨ। ਭਾਰਤੀ ਬਜ਼ਾਰ ‘ਤੇ ਵੀ ਇਸ ਦਾ ਅਸਰ ਪਿਆ ਹੈ। ਇਸ ਤੋਂ ਇਲਾਵਾ ਸੋਨੇ ‘ਤੇ ਡਿਊਟੀ ਘੱਟ ਹੋਣ ਕਾਰਨ ਵੀ ਇਹ ਸਸਤਾ ਹੋਇਆ ਹੈ। ਹਾਲਾਂਕਿ ਕੌਮਾਂਤਰੀ ਬਜ਼ਾਰ ‘ਚ ਸੋਨੇ ਦੇ ਭਾਅ ‘ਚ ਹਲਕਾ ਵਾਧਾ ਦੇਖਿਆ ਜਾ ਸਕਦਾ ਹੈ।