ਮਾਨਸਾ, 15 ਫਰਵਰੀ (ਸਾਰਾ ਯਹਾਂ/ ਮੁੱਖ ਸੰਪਾਦਕ) : ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਨੇ ਸ਼ੂਗਰ ਦੀ ਨਾਮੁਰਾਦ ਬਿਮਾਰੀ ਦੇ ਲੱਛਣਾਂ ਅਤੇ ਬਚਾਅ ਬਾਰੇ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਸ਼ੂਗਰ ਰੋਗ ਸਾਡੀਆਂ ਰੋਜ਼ ਦੀਆਂ ਖਾਣ ਪੀਣ ਦੀਆਂ ਆਦਤਾਂ ਅਤੇ ਜੀਵਨ ਸ਼ੈਲੀ ਵੱਲ ਧਿਆਨ ਨਾ ਦੇਣ ਕਾਰਨ ਹੁੰਦਾ ਹੈ। ਸ਼ੂਗਰ ਰੋਗ ਕਿਸੇ ਵੀ ਉਮਰ ਵਿਚ ਹੋ ਸਕਦਾ ਹੈ। ਇਹ ਰੋਗ ਬੱਚਿਆਂ ਵਿਚ ਵੀ ਵੇਖਣ ਨੂੰ ਮਿਲ ਰਿਹਾ ਹੈ ਅਤੇ ਗਰਭਵਤੀ ਔਰਤਾਂ ਵਿਚ ਅਸਥਾਈ ਰੂਪ ਵਿਚ ਪਾਇਆ ਗਿਆ ਹੈ, ਜੋ ਜਣੇਪਾ ਹੋਣ ’ਤੇ ਆਪਣੇ ਆਪ ਘਟ ਜਾਂਦਾ ਹੈ। ਇਸ ਸਬੰਧੀ ਸਾਨੂੰ ਧਿਆਨ ਦੇਣ ਦੀ ਜ਼ਰੂਰਤ ਹੈ।
ਉਨ੍ਹਾਂ ਕਿਹਾ ਕਿ ਜੀਵਨ ਸ਼ੈਲੀ ਵਿੱਚ ਬਦਲਾਅ ਦੇ ਕਾਰਣ ਸਾਨੂੰ ਆਪਣੀਆਂ ਆਦਤਾਂ ਵਿਚ ਵੀ ਬਦਲਾਅ ਕਰਨ ਦੀ ਜਰੂਰਤ ਹੈ। ਉਨ੍ਹਾਂ ਦੱਸਿਆ ਕਿ ਇਸ ਰੋਗ ਦਾ ਮੁੱਖ ਕਾਰਨ ਮੋਟਾਪਾ, ਸੰਤੁਲਿਤ ਭੋਜਨ ਦੀ ਕਮੀ, ਖਾਣਾ ਸਮੇਂ ਸਿਰ ਨਾ ਖਾਣਾ ਜਾਂ ਖਾਨਦਾਨੀ ਵੀ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਿਸ਼ਾਬ ਦਾ ਵਾਰ ਵਾਰ ਆਉਣਾ, ਭੁੱਖ ਅਤੇ ਪਿਆਸ ਦਾ ਘੱਟ ਜਾਣਾ, ਜ਼ਖਮ ਦਾ ਦੇਰ ਨਾਲ ਠੀਕ ਹੋਣਾ ਜਾਂ ਠੀਕ ਨਾ ਹੋਣਾ, ਹੱਥ ਪੈਰ ਸੁੰਨ ਰਹਿਣਾ, ਪਿਸ਼ਾਬ ਦੀ ਨਲੀ ਵਿੱਚ ਵਾਰ ਵਾਰ ਇਨਫੈਕਸ਼ਨ ਦਾ ਹੋਣਾ, ਥਕਾਵਟ ਅਤੇ ਸਰੀਰਕ ਕਮਜੋਰੀ ਆਦਿ ਸ਼ੂਗਰ ਰੋਗ ਦੇ ਮੁੱਖ ਲੱਛਣ ਹਨ।
ਉਨਾਂ ਦੱਸਿਆ ਕਿ ਜੇਕਰ ਸਰੀਰ ਵਿੱਚ ਸ਼ੂਗਰ ਦਾ ਪੱਧਰ ਵਧ ਗਿਆ ਹੈ, ਤਾਂ ਇਹ ਸਿਹਤ ਲਈ ਹਾਨੀਕਾਰਕ ਸਿੱਧ ਹੋ ਸਕਦਾ ਹੈ। ਇਸ ਨਾਲ ਅੱਖਾਂ ਅਤੇ ਗੁਰਦਿਆਂ ’ਤੇ ਮਾੜਾ ਅਸਰ ਪੈੰਦਾਂ ਹੈ। ਦਿਲ ਰੋਗ ਹੋ ਸਕਦਾ ਹੈ, ਪੈਰਾਂ ਦੀਆਂ ਨਸਾਂ ਸੁੰਨ ਹੋ ਸਕਦੀਆ ਹਨ, ਗੈਂਗਰੀਨ ਵੀ ਹੋ ਸਕਦੀ ਹੈ।
ਸਿਵਲ ਸਰਜਨ ਨੇ ਕਿਹਾ ਕਿ ਸ਼ੂਗਰ ਰੋਗ ਦਾ ਲਈ ਰੋਜ਼ਾਨਾ ਤੀਹ ਮਿੰਟ ਤੱਕ ਸੈਰ, ਕਸਰਤ, ਯੋਗਾ ਜਾਂ ਸਰੀਰਕ ਖੇਡਾਂ ਖੇਡਣ ਦੀ ਪੱਕੀ ਆਦਤ ਹੋਣੀ ਚਾਹੀਦੀ ਹੈ। ਖੁਰਾਕ ਵਿੱਚ ਤਬਦੀਲੀ ਲਿਆ ਕੇ, ਹਰੀਆਂ ਪਤੇਦਾਰ ਸਬਜ਼ੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਖਾਣੇ ਵਿਚ ਗਾਜਰ, ਮੂਲੀ, ਸ਼ਲਗਮ, ਕਰੇਲੇ ਆਦਿ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ। ਜੰਕ ਫੂਡ ਤੋਂ ਤੌਬਾ ਕਰਨੀ ਚਾਹੀਦੀ ਹੈ। ਉਨਾਂ ਦੱਸਿਆ ਕਿ ਤੀਹ ਸਾਲ ਦੀ ਉਮਰ ਤੋਂ ਬਾਅਦ ਸਿਹਤ ਵਿਭਾਗ ਪਾਸੋਂ ਮੁਫ਼ਤ ‘ਐਨੁਅਲ ਪਰਵੈੈਨਟਿਵ ਹੈਲਥ ਚੈਕਅੱਪ’ ਸਕੀਮ ਦਾ ਲਾਹਾ ਖੱਟ ਕੇ ਸਮੇਂ ਸਮੇਂ ਸਰੀਰਿਕ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ ।