ਮਾਨਸਾ, 08 ਸਤੰਬਰ(ਸਾਰਾ ਯਹਾ, ਬਲਜੀਤ ਸ਼ਰਮਾ) : ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸ਼੍ਰੀ ਮਹਿੰਦਰ ਪਾਲ ਦੀ ਪ੍ਰਧਾਨਗੀ ਹੇਠ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਸਤੰਬਰ ਮਹੀਨੇ ਵਿੱਚ ਲਗਾਏ ਜਾ ਰਹੇ ਰੋਜ਼ਗਾਰ ਮੇਲਿਆਂ ਸਬੰਧੀ ਰਿਵਿਊ ਮੀਟਿੰਗ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਉਨ੍ਹਾਂ ਸਮੂਹ ਅਧਿਕਾਰੀਆ ਨੂੰ ਹਦਾਇਤ ਕੀਤੀ ਕਿ 24 ਸਤੰਬਰ ਤੋਂ 30 ਸਤੰਬਰ 2020 ਤੱਕ ਲਗਾਏ ਜਾ ਰਹੇ ਰੋਜ਼ਗਾਰ ਮੇਲਿਆਂ ਲਈ ਵੱਧ ਤੋਂ ਵੱਧ ਲੋੜਵੰਦ ਪ੍ਰਾਰਥੀਆਂ ਦੀ ਰਜਿਸ਼ਟ੍ਰੇਸ਼ਨ WWW.PGRKAM.COM ‘ਤੇ ਕਰਵਾਈ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਪ੍ਰਾਰਥੀਆਂ ਦੀ ਸ਼ਮੂਲੀਅਤ ਨੂੰ ਰੋਜ਼ਗਾਰ ਮੇਲਿਆਂ ਵਿੱਚ ਯਕੀਨੀ ਬਣਾਇਆ ਜਾਵੇ।ਉਨ੍ਹਾਂ ਕਿਹਾ ਕਿ ਵੱਖ-ਵੱਖ ਮਾਧਿਅਮਾਂ ਰਾਹੀ ਰੋਜ਼ਗਾਰ ਮੇਲਿਆਂ ਦਾ ਪ੍ਰਚਾਰ ਪ੍ਰਸਾਰ ਕੀਤਾ ਜਾਵੇ ਤਾਂ ਕਿ ਰੋਜ਼ਗਾਰ ਮੇਲਿਆਂ ਦੀ ਜਾਣਕਾਰੀ ਹਰ ਇੱਕ ਲੋੜਵੰਦ ਪ੍ਰਾਰਥੀ ਤੱਕ ਪਹੁੰਚ ਸਕੇ। ਉਹਨਾਂ ਹਦਾਇਤ ਕੀਤੀ ਕਿ ਸਵੈ-ਰੋਜ਼ਗਾਰ ਦੇ ਚਾਹਵਾਨ ਪ੍ਰਾਰਥੀਆਂ ਦੀ ਵੀ ਸ਼ਨਾਖ਼ਤ ਕੀਤੀ ਜਾਵੇ ਅਤੇ ਵੱਖ-ਵੱਖ ਸਕੀਮਾਂ ਅਧੀਨ ਇਹਨਾਂ ਪ੍ਰਾਰਥੀਆਂ ਦੇ ਲੋਨ ਅਪਲਾਈ ਕਰਵਾਏ ਜਾਣ।
ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਦੀ ਅਪੀਲ ਤਹਿਤ ਜ਼ਿਲ੍ਹੇ ਦੇ ਭੀਖੀ ਬਲਾਕ ਨਾਲ ਸਬੰਧਤ ਸਰਪੰਚਾ ਅਤੇ ਐਮ.ਸੀਜ਼ ਵੱਲੋਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮਾਨਸਾ ਵਿਖੇ ਦੌਰਾ ਕੀਤਾ ਗਿਆ, ਤਾਂ ਜੋ ਉਹ ਆਪਣੇ-ਆਪਣੇ ਪਿੰਡਾ-ਸ਼ਹਿਰਾਂ ਵਿੱਚ ਸਵੈ-ਰੋਜ਼ਗਾਰ ਸਕੀਮਾਂ ਅਤੇ ਬਿਊਰੋ ਦੀ ਕਾਰਗੁਜਾਰੀ ਬਾਰੇ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਜਾਣੂ ਕਰਵਾ ਸਕਣ।
ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਮੁੱਖ ਕਾਰਜਕਾਰੀ ਅਫਸਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰ ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ, ਜ਼ਿਲ੍ਹਾ ਰੋਜ਼ਗਾਰ ਉਤਪੱਤੀ ਟ੍ਰੇਨਿੰਗ ਅਤੇ ਸਿਖਲਾਈ ਅਫਸਰ ਸ਼੍ਰੀ ਹਰਪ੍ਰੀਤ ਸਿੰਘ ਮਾਨਸਾਹੀਆ ਮੌਜੂਦ ਸਨ।