ਰੋਪੜ ਪੁਲਿਸ ਨੇ ਹਿਮਾਚਲ ਦੇ 2 ਪਿੰਡਾਂ ਤੋਂ 7 ਨਾਜਾਇਜ਼ ਸ਼ਰਾਬ ਦੀਆਂ ਭੱਠੀਆਂ ਅਤੇ 200000 ਕਿਲੋ ਲਾਹਣ ਕੀਤਾ ਬਰਾਮਦ

0
22

ਚੰਡੀਗੜ੍ਹ, 12 ਜੂਨ  (ਸਾਰਾ ਯਹਾ/ ਬਲਜੀਤ ਸ਼ਰਮਾ) :ਪੰਜਾਬ ਦੀ ਸਰਹੱਦ ਪਾਰ ਤੋਂ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਤੇ ਤਸਕਰੀ ਕਰਨ ਵਾਲਿਆਂ ਤੇ ਸਿ਼ਕੰਜਾ ਕੱਸਦਿਆਂ ਰੋਪੜ ਪੁਲਿਸ ਨੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਗ਼ੈਰ ਕਾਨੂੰਨੀ ਸ਼ਰਾਬ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਬਰਾਮਦ ਕੀਤੀ ਹੈ। ਇਹ ਬਰਾਮਦਗੀ 10 ਘੰਟੇ ਲੰਮੀ ਚੱਲੀ ਸਖ਼ਤ ਕਾਰਵਾਈ ਸਦਕਾ ਹਿਮਾਚਲ ਦੇ ਜੰਗਲੀ ਇਲਾਕੇ ਦੇ ਪਿੰਡ ਮਾਜਰੀ ਅਤੇ ਦਾਬਤ ਤੋਂ ਕੀਤੀ ਗਈ।ਇਸ ਕਾਰਵਾਈ ਦੌਰਾਨ ਸੱਤ ਦਾਰੂ ਦੀਆਂ ਭੱਠੀਆਂ ਅਤੇ 2 ਲੱਖ ਕਿਲੋਗ੍ਰਾਮ ਲਾਹਣ (ਕੱਚੀ ਦਾਰੂ) ਬਰਾਮਦ ਕੀਤਾ ਗਿਆ। ਇਸ ਸਖ਼ਤ ਕਾਰਵਾਈ ਨੂੰ ਇਕ ਸੰਘਣੇ ਜੰਗਲੀ  ਖੇਤਰ ਵਿਚ ਕੰਡੇਦਾਰ ਝਾੜੀਆਂ ਅਤੇ ਮੌਸਮੀ ਦਰਿਆਵਾਂ ਨਾਲ ਭਰੇ ਇਲਾਕੇ ਵਿਚ ਸਵੇਰੇ 3 ਵਜੇ ਤੋਂ 1 ਵਜੇ ਤੱਕ ਅੰਜਾਮ ਦਿੱਤਾ ਗਿਆ। ਰੋਪੜ ਦੇ ਐਸਐਸਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਉਨਾ ਹਿਮਾਚਲ ਪੁਲਿਸ ਨਾਲ ਸਾਂਝੇ ਤੌਰ ਉਤੇ ਇਹ ਮੁਹਿੰਮ ਚਲਾਈ ਸੀ।ਲਗਭਗ 22 ਪੁਲਿਸ ਟੀਮਾਂ ਨੇ ਇਸ ਕਾਰਵਾਈ ਵਿਚ ਭਾਗ ਲਿਆ। ਹਰੇਕ ਟੀਮ ਵਿਚ ਸੱਤ-ਸੱਤ ਪੁਲਿਸ ਮੁਲਾਜ਼ਮ ਸ਼ਾਮਲ ਸਨ ਜਿਨ੍ਹਾਂ ਨੇ ਇਸ ਵੱਡੇ ਆਪ੍ਰੇਸ਼ਨ ਨੂੰ ਅੰਜਾਮ ਤੱਕ ਪਹੁੰਚਾਇਆ। ਸ੍ਰੀ ਸ਼ਰਮਾ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਪੰਜਾਬ ਦੀ ਸਰਹੱਦ ਤੋਂ ਲਗਭਗ 2 ਕਿਲੋਮੀਟਰ ਦੀ ਦੂਰੀ ਉਤੇ ਸਥਿਤ

ਦੋਵਾਂ ਪਿੰਡਾਂ ਦੇ ਆਲੇ-ਦੁਆਲੇ ਦੇ ਸਾਰੇ ਖੇਤਰਾਂ ਨੂੰ ਘੇਰ ਲਿਆ ਅਤੇ ਲਗਭਗ 6 ਕਿਲੋਮੀਟਰ ਦੇ ਖੇਤਰ ਵਿਚ ਇਹ ਕਾਰਵਾਈ ਚਲਾਈ ਗਈ।ਸ੍ਰੀ ਸ਼ਰਮਾ ਨੇ ਕਿਹਾ ਕਿ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਮੁਲਜ਼ਮਾਂ ਦੇ ਹੋਰ ਸੰਪਰਕ ਲੱਭਣ ਦੀ ਜਾਂਚ ਜਾਰੀ ਹੈ।ਇਹ ਜ਼ਬਤੀ ਪੰਜਾਬ ਪੁਲਿਸ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਤਹਿਤ ਸ਼ਰਾਬ ਦੇ ਨਾਜਾਇਜ਼ ਕਾਰੋਬਾਰ ਨੂੰ ਰੋਕਣ ਅਤੇ ਰਾਜ ਦੀਆਂ ਸਰਹੱਦਾਂ ਤੋਂ ਸ਼ਰਾਬ ਦੀ ਤਸਕਰੀ ਨੂੰ ਰੋਕਣ ਲਈ ਰਾਜ ਵਿਆਪੀ ਕੋਸਿ਼ਸ਼ਾਂ ਤਹਿਤ ਕੀਤੀ ਗਈ ਹੈ।ਐਸਐਸਪੀ ਸ਼ਰਮਾ ਨੇ ਕਿਹਾ ਕਿ ਹਿਮਾਚਲ ਦੇ ਦੋਵੇਂ ਪਿੰਡ, ਉਨ੍ਹਾਂ ਦੇ ਆਸ ਪਾਸ ਦੇ ਖੇਤਰ ਸ਼ਰਾਬ ਅਤੇ ਨਸ਼ਾ ਤਸਕਰੀ ਲਈ ਬਦਨਾਮ ਹਨ। ਤਸਕਰ, ਸੰਘਣੇ ਜੰਗਲੀ ਇਲਾਕੇ  ਅਤੇ ਇਸ ਖੇਤਰ ਵਿਚ ਪਹੁੰਚ ਦੀ ਘਾਟ ਦਾ ਫਾਇਦਾ ਉਠਾਉਂਦੇ ਹੋਏ ਇਸ ਇਲਾਕੇ ਨੂੰ ਹਿਮਾਚਲ ਤੋਂ ਲੁਕ ਕੇ ਪੰਜਾਬ ਵਿਚ ਪਹੁੰਚਣ ਲਈ ਵਰਤਦੇ ਹਨ। ਉਨਾ ਦੱਸਿਆ ਕਿ ਪਿਛਲੇ 5 ਸਾਲਾਂ ਵਿੱਚ, ਪੰਜਾਬ ਵਿੱਚ 26 ਅਤੇ ਹਿਮਾਚਲ ਵਿੱਚ 38 ਕੇਸ ਇਨ੍ਹਾਂ ਇਲਾਕਿਆਂ ਦੇ ਰਹਿਣ ਵਾਲੇ ਲੋਕਾਂ ਵਿਰੁੱਧ ਦਰਜ ਕੀਤੇ ਗਏ ਹਨ।——

LEAVE A REPLY

Please enter your comment!
Please enter your name here