ਮਾਨਸਾ, 19 ਜੁਲਾਈ:(ਸਾਰਾ ਯਹਾਂ/ਬੀਰਬਲ ਧਾਲੀਵਾਲ)
ਰੁੱਖ ਸਾਡੇ ਜੀਵਨ ਦੇ ਹਰ ਪਹਿਲੂ ਦਾ ਵਿਸ਼ੇਸ਼ ਅੰਗ ਹਨ ਜੋ ਕਿ ਜਨਮ ਤੋਂ ਮਰਨ ਤੱਕ ਸਾਡੇ ਅੰਗ ਸੰਗ ਨਿਭਦੇ ਹਨ ਅਤੇ ਸਾਡੇ ਜੀਵਨ ਦੀ ਹੋਂਦ ਲਈ ਵੀ ਅਹਿਮ ਹਨ। ਇਸ ਲਈ ਰੁੱਖ ਲਗਾਉਣ ਦੇ ਨਾਲ ਨਾਲ ਉਸ ਦੀ ਸਾਂਭ ਸੰਭਾਲ ਵੀ ਜ਼ਰੂਰੀ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਸਰਦੂਲਗੜ੍ਹ ਸ੍ਰ. ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਪਿੰਡ ਕੋਟ ਧਰਮੁ ਵਿਖੇ ਪੰਜਾਬ ਸਰਕਾਰ ਦੀ ਵਿਸ਼ੇਸ਼ ਮੁਹਿੰਮ ‘ਪੰਜਾਬ ਹਰਿਆਲੀ ਸਕੀਮ’ ਦੇ ਤਹਿਤ ਪੌਦੇ ਲਗਾਉਣ ਦੀ ਸ਼ੁਰੂਆਤ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਅਤੇ ਐਸ.ਡੀ.ਐਮ. ਮਾਨਸਾ ਸ੍ਰ. ਮਨਜੀਤ ਸਿੰਘ ਰਾਜਲਾ ਵੀ ਮੌਜੂਦ ਸਨ।
ਵਿਧਾਇਕ ਨੇ ਕਿਹਾ ਕਿ ਲੋਕ ਰੁੱਖਾਂ ਦੀ ਅਹਿਮੀਅਤ ਨੂੰ ਸਮਝਣ ਲੱਗੇ ਹਨ। ਇਹ ਨਿਵੇਕਲਾ ਤੇ ਬਹੁਤ ਹੀ ਚੰਗਾ ਉਪਰਾਲਾ ਹੈ ਕਿ ਲੋਕਾਂ ਨੇ ਬੱਚੇ ਦੇ ਜਨਮ ਅਤੇ ਕਿਸੇ ਪਰਿਵਾਰਕ ਮੈਂਬਰ ਦੀ ਮੌਤ ’ਤੇ ਵੀ ਪੌਦੇ ਲਗਾਉਣ ਦੀ ਰਸਮ ਨਿਭਾਉਣੀ ਸ਼ੁਰੂ ਕੀਤੀ ਹੈ ਜੋ ਕਿ ਚੰਗੀ ਪਹਿਲ ਹੈ। ਇਸ ਰਸਮ ਨਾਲ ਜਿੱਥੇ ਪਰਿਵਾਰਕ ਮੈਂਬਰ ਦੀ ਯਾਦ ਬਣਦੀ ਹੈ ਉੱਥੇ ਹੀ ਵਾਤਾਵਰਨ ਹਿਤ ਵਿਚ ਅਹਿਮ ਰੋਲ ਅਦਾ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਰਲ ਕੇ ਨਿਰਸਵਾਰਥ ਤੇ ਨਿਰਪੱਖ ਹੋਕੇ ਵਾਤਾਵਰਨ ਸੰਭਾਲ ਲਈ ਸਾਂਝੇ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਖੇਤਾਂ ਦੀਆਂ ਮੋਟਰਾਂ ਅਤੇ ਪਿੰਡਾਂ ਦੀਆਂ ਹੋਰ ਸਾਂਝੀਆਂ ਥਾਵਾਂ ’ਤੇ ਪੌਦੇ ਲਗਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਵਿਚ ਵਾਤਾਵਰਨ ਸੰਭਾਲ ਲਈ ਸਾਂਝੀਵਾਲਤਾ ਦੇ ਆਧਾਰ ’ਤੇ ਉਪਰਾਲੇ ਕਰਨੇ ਲਾਜ਼ਮੀ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਧਰਤੀ ਦੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਅਤੇ ਚੁਗਿਰਦੇ ਨੂੰ ਹਰਿਆ ਭਰਿਆ ਬਣਾਉਣ ਦੀ ਅਹਿਮ ਲੋੜ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਤੰਦਰੁਸਤ ਵਾਤਾਵਰਨ ਮੁਹੱਈਆ ਕਰਵਾ ਸਕੀਏ। ਉਨ੍ਹਾਂ ਕਿਹਾ ਕਿ ਭਵਿੱਖ ਨੂੰ ਸੁਨਹਿਰੀ ਬਣਾਉਣ ਲਈ ਸਾਨੂੰ ਕੁਦਰਤ ਦੀ ਵਿਰਾਸਤ ਨੂੰ ਸਾਂਭਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਫ ਹਵਾ ਪਾਣੀ ਚਾਹੀਦਾ ਹੈ ਤਾਂ 30 ਫ਼ੀਸਦੀ ਜੰਗਲੀ ਰਕਬਾ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਇਸ ਦੀ ਸ਼ੁਰੂਆਤ ਕਰਦਿਆਂ ਅੱਜ ਪੰਚਾਇਤੀ ਜ਼ਮੀਨਾਂ ਤੇ ਹੋਰ ਸਾਂਝੀਆਂ ਥਾਵਾਂ ’ਤੇ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਵਿਸ਼ੇਸ਼ ਮੁਹਿੰਮ ਰਾਹੀਂ ਕਰੀਬ 03 ਲੱਖ ਪੌਦੇ ਅੱਜ ਲਗਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਪਿੰਡ ਕੋਟ ਧਰਮੁ ਅਤੇ ਝੇਰਿਆਂਵਾਲੀ ਵਿਖੇ 100—100 ਏਕੜ ਅਧੀਨ ਜੰਗਲ ਤਿਆਰ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਜੰਗਲ ਹੋਣ ਨਾਲ ਇੱਥੇ ਜੰਗਲੀ ਜੀਵ-ਜੰਤੂਆਂ ਦੀ ਵੀ ਆਮਦ ਹੋਵੇਗੀ ਅਤੇ ਪੰਛੀ ਆਪਣੇ ਆਲ੍ਹਣੇ ਤਿਆਰ ਕਰ ਸਕਣਗੇ। ਉਨ੍ਹਾਂ ਰਾਊਂਡ ਗਲਾਸ ਫਾਊਂਡੇਸ਼ਨ ਅਤੇ ਪੰਚਾਇਤਾਂ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਇਆ।
ਇਸ ਮੌਕੇ ਜ਼ਿਲ੍ਹਾ ਜੰਗਲਾਤ ਅਫ਼ਸਰ ਡਾ. ਮੋਨਿਕਾ ਯਾਦਵ, ਕਾਰਜਕਾਰੀ ਡੀ.ਡੀ.ਪੀ.ਓ. ਕੁਸਮ ਅਗਰਵਾਲ, ਬੀ.ਡੀ.ਪੀ.ਓ. ਮੇਜਰ ਸਿੰਘ, ਵਣ ਰੇਂਜ ਅਫ਼ਸਰ ਸੁਖਦੇਵ ਸਿੰਘ, ਫਾਰੈਸਟਰ ਗਾਰਡ ਕ੍ਰਿਸ਼ਨ ਸਿੰਘ, ਸੰਦੀਪ ਸਿੰਘ, ਗੁਰਵਿੰਦਰ ਸਿੰਘ, ਸਰਪੰਚ ਕੁਲਵਿੰਦਰ ਸਿੰਘ, ਡਾ. ਰਸਦੀਪ ਸਿੰਘ ਤੋਂ ਇਲਾਵਾ ਗੁਰੂ ਘਰ ਦੇ ਪ੍ਰਬੰਧਕ ਜਥੇਬੰਦੀ ਦੇ ਮੈਂਬਰ, ਸਕੂਲ ਪ੍ਰਿੰਸੀਪਲ ਤੋਂ ਇਲਾਵਾ ਪਿੰਡ ਵਾਸੀ ਅਤੇ ਹੋਰ ਪਤਵੰਤੇ ਹਾਜ਼ਰ ਸਨ।