ਮਾਨਸਾ, 17 ਜੁਲਾਈ (ਸਾਰਾ ਯਹਾ/ਜੋਨੀ ਜਿੰਦਲ) :ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੁਜ਼ਗਾਰ ਉਤਪਤੀ ਅਤੇ ਸਿਖਲਾਈ ਵਿਭਾਗ ਪੰਜਾਬ ਵੱਲੋਂ 24 ਜੁਲਾਈ 2020 ਨੂੰ ਬਾਅਦ ਦੁਪਹਿਰ 3 ਵਜੇ ਵਿਖੇ ਵੈਬੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਦਾ ਵਿਸ਼ਾ ਕੋਵਿਡ-19 ਤੋਂ ਬਾਅਦ ਰੁਜ਼ਗਾਰ ਦੀਆਂ ਉਭਰ ਰਹੀਆਂ ਸੰਭਾਵਨਾਵਾਂ ਅਤੇ ਚੁਣੌਤੀਆਂ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਵੈਬੀਨਾਰ ਵਿੱਚ ਭਾਗ ਲੈਣ ਵਾਲੀਆਂ ਪ੍ਰਮੁੱਖ ਸੰਸਥਾਵਾਂ ਦੇ ਪੈਨਲ ਵਿੱਚ ਮਾਈਕਰੋਸਾਫਟ, ਵਾਲਮਾਰਟ ਇੰਡੀਆ, ਪੈਪਸੀ-ਕੋ, ਡੈਲ ਅਤੇ ਐਮਾਜ਼ੋਨ ਆਦਿ ਨਾਮੀ ਕੰਪਨੀਆਂ ਦੇ ਨੁਮਾਇੰਦੇ ਰੁਜ਼ਗਾਰ ਅਤੇ ਲੋੜੀਂਦੇ ਹੁਨਰ ਬਾਰੇ ਜਾਣਕਾਰੀ ਸਾਂਝੀ ਕਰਨਗੇ। ਉਨ੍ਹਾਂ ਦੱਸਿਆ ਕਿ ਵੈਬੀਨਾਰ ਦੌਰਾਨ ਰੁਜ਼ਗਾਰ ਉਤਪਤੀ ਅਤੇ ਸਿਖਲਾਈ ਮੰਤਰੀ.ਚਰਨਜੀਤ ਸਿੰਘ ਚੰਨੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨਗੇ। ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਇਸ ਵੈਬੀਨਾਰ ਵਿੱਚ ਭਾਗ ਲੈਣ ਲਈ ਗਰੈਜੂਏਟ ਅਤੇ ਪੋਸਟ-ਗਰੈਜੂਏਟ ਲੜਕੇ ਲੜਕੀਆਂ ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਦੀ ਵੈਬਸਾਈਟ www.pgrkam.com ‘ਤੇ “Participation in Webinar” ‘ਤੇ ਕਲਿੱਕ ਕਰਕੇ ਬਿਨੈ ਕਰ ਸਕਦੇ ਹਨ ਅਤੇ ਨਾਲ ਹੀ ਆਪਣੇ ਪ੍ਰੋਫਾਈਲ ਬਾਰੇ ਰਜਿਸਟ੍ਰੇਸ਼ਨ ਕਰ ਸਕਦੇ ਹਨ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮਾਨਸਾ ਦੇ ਹੁਨਰਮੰਦ ਨੌਜਵਾਨ ਵਰਗ ਨੂੰ ਇਸ ਸੁਨਹਿਰੀ ਮੌਕੇ ਦਾ ਲਾਭ ਜ਼ਰੂਰ ਉਠਾਉਣਾ ਚਾਹੀਦਾ ਹੈ।