*ਰੁਟੀਨ ਟੀਕਾਕਰਨ ਅਤੇ ਟੀਕਾਕਰਨ ਦੇ ਮਾੜੇ ਪ੍ਰਭਾਵ ਸਬੰਧੀ ਤਿਮਾਹੀ ਸਮੀਖਿਆ ਮੀਟਿੰਗ ਹੋਈ*

0
20

 ਮਾਨਸਾ 21 ਜਨਵਰੀ:(ਸਾਰਾ ਯਹਾਂ/ਮੁੱਖ ਸੰਪਾਦਕ)
ਰੁਟੀਨ ਟੀਕਾਕਰਨ ਅਤੇ ਟੀਕਾਕਰਨ ਦੇ ਮਾੜੇ ਪ੍ਰਭਾਵ ਸਬੰਧੀ ਤਿਮਾਹੀ ਸਮੀਖਿਆ ਮੀਟਿੰਗ ਦਫ਼ਤਰ ਸਿਵਲ ਸਰਜਨ, ਮਾਨਸਾ ਵਿਖੇ ਹੋਈ ਜਿੱਥੇ ਜ਼ਿਲ੍ਹੇ ਦੇ ਸਮੂਹ ਬਲਾਕ ਐਜੂਕੇਟਰ ਅਤੇ ਐਲ.ਐਚ.ਵੀ.ਅਤੇ ਕੋਲਡ ਚੇਨ ਹੈਂਡਲਰ ਸ਼ਾਮਲ ਹੋਏ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਰੁਟੀਨ ਟੀਕਾਕਰਨ ਅਤੇ ਏ.ਈ.ਐਫ.ਆਈ. ਦੀ ਸਮੀਖਿਆ ਦਾ ਮੰਤਵ ਹੈ ਕਿ ਗਰਭਵਤੀ ਮਾਵਾਂ ਅਤੇ ਬੱਚਿਆਂ ਨੂੰ ਵੈਕਸੀਨੇਸ਼ਨ ਕੈਂਪਾਂ ਸਮੇਂ ਅਤੇ ਟੀਕਾਕਰਨ ਤੋਂ ਬਾਅਦ ਕਿਸੇ ਵੀ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
           ਇਸ ਦੌਰਾਨ ਸਰਵੇਲੈਂਸ ਮੈਡੀਕਲ ਅਫ਼ਸਰ ਡਬਲਿਊ.ਐਚ.ਓ. ਦੇ ਨੁਮਾਇੰਦੇ ਡਾ. ਨਵਦਿਤਾ ਵਾਸੂਦੇਵਾ ਨੇ ਦੱਸਿਆ ਕਿ ਡਬਲਿਓ.ਐਚ.ਓ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਟੀਕਾਕਰਨ ਵਿੱਚ ਸੁਧਾਰ ਲਿਆਉਣ ਲਈ ਸਮੀਖਿਆ ਕੀਤੀ ਜਾਂਦੀ ਹੈ। ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਕੰਵਲਪ੍ਰੀਤ ਕੌਰ ਬਰਾੜ ਨੇ ਦੱਸਿਆ ਕਿ ਰੁਟੀਨ ਟੀਕਾਕਰਨ ਤੋਂ ਕਈ ਵਾਰ ਕੁੱਝ ਬੱਚੇ ਕਿਸੇ ਕਾਰਨ ਵੈਕਸੀਨੇਸ਼ਨ ਤੋਂ ਵਾਂਝੇ ਰਹਿ ਜਾਂਦੇ ਹਨ। ਬੱਚਿਆਂ ਤੇ ਗਰਭਵਤੀ ਮਾਵਾਂ ਦਾ ਸਮੇਂ ਸਿਰ 100 ਫ਼ੀਸਦੀ ਟੀਕਾਕਰਨ ਕਰਨਾ ਲਾਜ਼ਮੀ ਹੈ। ਇਸ ਦੇ ਨਾਲ ਹੀ ਕਈ ਵਾਰ ਟੀਕਾਕਰਨ ਉਪਰੰਤ ਬੱਚੇ ਨੂੰ ਵੈਕਸੀਨੇਸ਼ਨ ਜਾਂ ਟੀਕਾਕਰਨ ਦੇ ਪ੍ਰਤੀਕੂਲ ਪ੍ਰਭਾਵ ਸਾਹਮਣੇ ਆਉਂਦੇ ਹਨ, ਜੋ ਕਿ ਮਾਈਨਰ ਪ੍ਰਭਾਵ ਹੀ ਹੁੰਦੇ ਹਨ, ਜਿਸ ਨਾਲ ਨਜਿੱਠਣ ਲਈ ਸਟਾਫ ਨੂੰ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ ਹੈ।
ਇਸ ਮੌਕੇ ਡਾ. ਰਵਿੰਦਰ ਸਿੰਗਲਾ ਸਹਾਇਕ ਸਿਵਲ ਸਰਜਨ, ਡਾ. ਸ਼ੇਰ ਜੰਗ ਸਿੰਘ ਸਿੱਧੂ ਸੈਕਟਰੀ ਆਈ.ਏ.ਐਮ., ਡਾ. ਵਿਜੇ ਜਿੰਦਲ ਸੀਨੀਅਰ ਮੈਡੀਕਲ ਅਫ਼ਸਰ ਸਰਦੂਲਗੜ੍ਹ, ਡਾ. ਪਰਵਰਿਸ਼ ਜਿੰਦਲ ਬੱਚਿਆਂ ਦੇ ਮਾਹਿਰ, ਡਾ. ਰਵਨੀਤ ਕੌਰ, ਡਾ. ਵਰੁਣ ਮਿੱਤਲ, ਡਾ. ਪਰਵਿਸ਼ ਬੱਚਿਆਂ ਦੇ ਮਾਹਰ, ਡਾ. ਗੁਰਜੀਵਨ ਸਿੰਘ ਮੈਡੀਕਲ ਅਫ਼ਸਰ, ਵਿਜੈ ਕੁਮਾਰ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ, ਅਵਤਾਰ ਸਿੰਘ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ, ਮੀਨਾਕਸ਼ੀ ਰਾਣੀ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here