(ਸਾਰਾ ਯਹਾਂ/ ਮੁੱਖ ਸੰਪਾਦਕ) : ਰਿਸ਼ਵਤ ਮਾਮਲੇ ਵਿੱਚ ਫੜੇ ਗਏ ਆਮ ਆਦਮੀ ਪਾਰਟੀ ਦੇ ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿਤ ਰਤਨ (MLA Amit Ratan) ਨੂੰ 16 ਮਾਰਚ ਤੱਕ ਜੁਡੀਸ਼ਲ ਰਿਮਾਂਡ ‘ਤੇ ਪਟਿਆਲਾ ਜੇਲ੍ਹ ਭੇਜਿਆ ਗਿਆ ਹੈ। ਵਿਜੀਲੈਂਸ ਵੱਲੋਂ ਆਮ ਆਦਮੀ ਪਾਰਟੀ ਦੇ ਐਮਐਲਏ ਅੰਮ੍ਰਿਤ ਰਤਨ ਨੂੰ ਦਲਜੀਤ ਕੌਰ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਅਮਿਤ ਰਤਨ (MLA Amit Ratan) ਨੂੰ 16 ਮਾਰਚ ਤੱਕ ਜੁਡੀਸ਼ਲ ਰਿਮਾਂਡ ‘ਤੇ ਭੇਜ ਦਿੱਤਾ ਹੈ।
ਵਿਧਾਇਕ ਅਮਿਤ ਰਤਨ ਦੀ ਤਰਫੋਂ ਪੇਸ਼ ਹੋਏ ਵਕੀਲ ਨੇ ਦੱਸਿਆ ਕਿ ਵਿਜੀਲੈਂਸ ਦੀ ਤਰਫੋਂ ਮੇਰੇ ਕਲਾਇੰਟ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਉਹ ਬੇਗੁਨਾਹ ਹੈ ਤੇ ਕੁੱਝ ਵੀ ਐਮਐਲਏ ਤੋਂ ਬਰਾਮਦ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਦੋ ਵਾਰੀ ਪੁਲਿਸ ਰਿਮਾਂਡ ਦੌਰਾਨ ਤੇ ਮੇਰੀ ਤਰਫ਼ੋਂ ਜੱਜ ਸਾਹਬ ਦੇ ਕੋਲੇ ਅਪੀਲ ਕੀਤੀ ਗਈ ਸੀ ਕੀ ਐਮਐਲਏ ਨੂੰ ਬਠਿੰਡਾ ਜੇਲ੍ਹ ਨਾ ਭੇਜਿਆ ਜਾਵੇ ਕਿਉਕਿ ਉੱਥੇ ਗੈਂਗਸਟਰ ਬੰਦ ਹਨ ਤੇ ਮੇਰੇ ਕਲਾਇੰਟ ਨੂੰ ਖਤਰਾ ਹੈ। ਇਸ ਲਈ ਜੱਜ ਸਾਹਿਬ ਨੇ ਐਮਐਲਏ ਨੂੰ 16 ਮਾਰਚ ਤੱਕ ਪਟਿਆਲਾ ਕੇਂਦਰੀ ਜੇਲ ਭੇਜ ਦਿੱਤਾ ਹੈ।
ਵਕੀਲ ਨੇ ਦੱਸਿਆ ਕਿ ਵਿਜੀਲੈਂਸ ਤਰਫੋਂ ਐਮਐਲਏ ਦੀ ਚੰਡੀਗੜ੍ਹ ਕੋਠੀ ਤੇ ਪਟਿਆਲਾ ਕੋਠੀ ਵਿੱਚ ਵੀ ਜਾਂਚ ਪੜਤਾਲ ਕੀਤੀ ਪ੍ਰੰਤੂ ਕੁਝ ਵੀ ਨਹੀਂ ਮਿਲਿਆ। ਅਸੀਂ ਬੇਕਸੂਰ ਹਾਂ ਅਤੇ ਬੇਗੁਨਾਹ ਨਿਕਲਾਂਗੇ, ਸਾਨੂੰ ਕਾਨੂੰਨ ‘ਤੇ ਵਿਸ਼ਵਾਸ ਹੈ। ਅਸੀਂ ਵਿਜੀਲੈਂਸ ਦੀ ਕਾਰਵਾਈ ਨੂੰ ਸਲਾਹ-ਮਸ਼ਵਰਾ ਕਰਕੇ ਅੱਗੇ ਕੋਰਟ ਵਿੱਚ ਚੁਣੌਤੀ ਵੀ ਦੇਵਾਂਗੇ। ਇਸ ਤੋਂ ਪਹਿਲਾਂ ਅਦਾਲਤ ਨੇ ਵਿਧਾਇਕ ਅਮਿਤ ਰਤਨ ਨੂੰ 2 ਮਾਰਚ ਤੱਕ ਪੁਲਿਸ ਰਿਮਾਂਡ ‘ਤੇ ਭੇਜਿਆ ਸੀ, ਜਿਸ ਦਾ ਅੱਜ ਰਿਮਾਂਡ ਖ਼ਤਮ ਹੋਣ ‘ਤੇ ਮੁੜ ਅਦਾਲਤ ਚ ਪੇਸ਼ ਕੀਤਾ ਗਿਆ ਸੀ। ਦੱਸ ਦੇਈਏ ਕਿ ਅਮਿਤ ਰਤਨ ਦੇ ਨਜ਼ਦੀਕੀ ਰਿਸ਼ਮ ਗਰਗ ਵੱਲੋਂ ਪਿੰਡ ਘੁੱਦਾ ਦੀ ਮਹਿਲਾ ਸਰਪੰਚ ਸੀਮਾ ਰਾਣੀ ਦੇ ਪਤੀ ਤੋਂ ਕਥਿਤ ਤੌਰ ‘ਤੇ 4 ਲੱਖ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ।