ਰਾਹੁਲ ਗਾਂਧੀ ਭਖਾਉਣ ਪੰਜਾਬ ਦੇ ਸੰਘਰਸ਼, 2 ਅਕਤੂਬਰ ਤੋਂ ਸੂਬੇ ਦੇ ਦੌਰੇ ‘ਤੇ

0
31

ਚੰਡੀਗੜ੍ਹ 30 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਸੁਧਾਰ ਕਾਨੂੰਨ ਖਿਲਾਫ ਪੰਜਾਬ ਭਰ ਵਿੱਚ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਹਾਲਾਕਿ ਕਾਂਗਰਸ ਵੱਲੋਂ ਵੀ ਇਸ ਕਾਨੂੰਨ ਖਿਲਾਫ ਪ੍ਰਦਰਸ਼ਨ ਕੀਤੇ ਗਏ ਹਨ ਪਰ ਹੁਣ ਇਨ੍ਹਾਂ ਪ੍ਰਦਰਸ਼ਨਾਂ ‘ਚ ਕਾਂਗਰਸ ਦੀ ਕੌਮੀ ਲੀਡਰਸ਼ਿਪ ਨੇ ਵੀ ਐਂਟਰੀ ਮਾਰੀ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੋ ਅਕਤੂਬਰ ਨੂੰ ਗਾਂਧੀ ਜੰਯਤੀ ਵਾਲੇ ਦਿਨ ਪੰਜਾਬ ਵਿੱਚ ਟਰੈਕਟਰ ਮਾਰਚ ਕਰਨਗੇ।

ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹਾ ਮੋਗਾ ਦੇ ਬੱਧਨੀ ਕਲਾਂ ਤੋਂ ਪਬਲਿਕ ਮੀਟਿੰਗ ਕਰਨ ਮਗਰੋਂ ਰਾਹੁਲ ਗਾਂਧੀ ਰੋਡ ਸ਼ੋਅ ਸ਼ੁਰੂ ਕਰਨਗੇ ਜੋ ਬਧਨੀ ਕਲਾਂ ਤੋਂ ਨਿਹਾਲਸਿੰਘ ਵਾਲਾ, ਮੋਗਾ ਹੁੰਦਾ ਹੋਇਆ ਰਾਏਕੋਟ ਪਹੁੰਚ ਕੇ ਸੰਪਨ ਹੋਵੇਗਾ। ਇਸੇ ਤਰ੍ਹਾਂ 3 ਅਕਤੂਬਰ ਨੂੰ ਧੂਰੀ ਵਿੱਚ ਪਬਲਿਕ ਮੀਟਿੰਗ ਕਰਨ ਮਗਰੋਂ ਰਾਹੁਲ ਗਾਂਧੀ ਰੋਡ ਸ਼ੋਅ ਕਰਦੇ ਹੋਏ ਧੂਰੀ, ਸੰਗਰੂਰ ਹੁੰਦੇ ਪਟਿਆਲਾ ਦੇ ਸਮਾਨਾ ਮੰਡੀ ਵਿੱਚ ਪਹੁੰਚਣਗੇ।

ਇਸ ਤੋਂ ਬਾਅਦ 4 ਅਕਤੂਬਰ ਨੂੰ ਪਟਿਆਲਾ ਦੇ ਦੇਵੀਗੜ੍ਹ ‘ਤੋ ਰੋਡ ਸ਼ੋਅ ਸ਼ੁਰੂ ਹੋਏਗਾ ਤੇ ਪਟਿਆਲਾ ਹੁੰਦਾ ਹੋਇਆ ਇਹ ਰੋਡ ਸ਼ੋਅ ਹਰਿਆਣਾ ਬਾਰਡਰ ਤਕ ਕੱਢਿਆ ਜਾਏਗਾ। ਹਰਿਆਣਾ ਬਾਰਡਰ ‘ਤੇ ਜਾ ਕੇ ਇਹ ਰੋਡ ਸ਼ੋਅ ਸੰਪਨ ਹੋਏਗਾ। ਉਸ ਤੋਂ ਬਾਅਦ ਹਰਿਆਣਾ ਵਿੱਚ ਰਾਹੁਲ ਗਾਂਧੀ ਖੇਤੀ ਸੁਧਾਰ ਕਾਨੂੰਨ ਦੇ ਵਿਰੋਧ ਵਿਚ ਰੋਡ ਸ਼ੋਅ ਕਰਨਗੇ।

ਰਾਹੁਲ ਗਾਂਧੀ ਦੇ ਇਸ ਰੋਡ ਸ਼ੋਅ ਨੂੰ ਲੈ ਕੇ ਅਕਾਲੀ ਦਲ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ। ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਰਾਹੁਲ ਗਾਂਧੀ ਨੂੰ ਪੰਜਾਬ ਵਿੱਚ ਲਿਆ ਕੇ ਕਿਸਾਨਾਂ ਦਾ ਹਮਦਰਦ ਸਾਬਤ ਕਰਨਾ ਚਾਹੁੰਦੀ ਹੈ, ਜਿਸ ‘ਤੇ ਸਾਨੂੰ ਕੋਈ ਇਤਰਾਜ ਨਹੀਂ ਪਰ ਰਾਹੁਲ ਗਾਂਧੀ ਨੂੰ ਕੁਝ ਸਵਾਲਾਂ ਦੇ ਜਵਾਬ ਪੰਜਾਬ ਦੇ ਕਿਸਾਨਾਂ ਨੂੰ ਦੇਣੇ ਪੈਣਗੇ।

ਰਾਹੁਲ ਗਾਂਧੀ ਇਸ ਗੱਲ ਦਾ ਜਵਾਬ ਦੇਣ ਕਿ ਪਾਰਲੀਮੈਂਟ ‘ਚ ਜਦੋਂ ਇਹ ਬਿੱਲ ਪੇਸ਼ ਕੀਤੇ ਜਾ ਰਹੇ ਸੀ ਤਾਂ ਉਦੋਂ ਰਾਹੁਲ ਗਾਂਧੀ ਕਿੱਥੇ ਸੀ, ਉਦੋਂ ਰਾਹੁਲ ਗਾਂਧੀ ਨੇ ਇਨ੍ਹਾਂ ਬਿੱਲਾਂ ਦਾ ਡੱਟ ਕੇ ਵਿਰੋਧ ਕਿਉੰ ਨਹੀ ਕੀਤਾ। ਕਾਂਗਰਸ ਦਾ ਇੱਕ ਵੀ ਲੀਡਰ ਨਾ ਰਾਜ ਸਭਾ ਵਿਚ ਤੇ ਨਾ ਲੋਕ ਸਭਾ ਵਿੱਚ ਇਨ੍ਹਾਂ ਬਿੱਲਾਂ ਦੇ ਖਿਲਾਫ ਨਹੀਂ ਬੋਲਿਆ। ਇਨ੍ਹਾਂ ਨੇ ਰਾਜ ਸਭਾ ਵਿਚ ਆਪਣੇ ਐਮਪੀ ਨੂੰ ਵਿਪ੍ਹ ਕਿਉਂ ਨਹੀਂ ਜਾਰੀ ਕੀਤਾ ਕਿ ਸਾਰੇ ਇਸ ਬਿੱਲ ਖਿਲਾਫ ਵੋਟ ਪਾਉਣ।

ਚੀਮਾ ਨੇ ਕਿਹਾ ਕਿ ਸ਼ਿਵ ਸੈਨਾ ਨਾਲ ਕਾਂਗਰਸ ਦਾ ਮਹਾਰਾਸ਼ਟਰ ਵਿੱਚ ਗਠਬੰਧਨ ਹੈ ਪਰ ਸ਼ਿਵ ਸੈਨਾ ਨੇ ਇਨ੍ਹਾਂ ਬਿੱਲਾਂ ਦੇ ਹੱਕ ਵਿੱਚ ਵੋਟ ਪਾਈ ਤੇ ਕਾਂਗਰਸ ਨੇ ਵਿਰੋਧ ਵਿੱਚ ਵੋਟ ਪਾਈ ਹੈ। ਇਹ ਕਿਵੇਂ ਹੋ ਸਕਦਾ ਹੈ। ਕਾਂਗਰਸ ਨੇ ਸ਼ਿਵ ਸੈਨਾ ਤੋਂ ਸਮਰਥਨ ਵਾਪਸ ਕਿਉਂ ਨਹੀਂ ਲਿਆ। ਸਾਲ 2019 ‘ਚ ਰਾਹੁਲ ਗਾਂਧੀ ਦੀ ਫੋਟੋ ਲਾ ਕੇ ਮੈਨੀਫੈਸਟੋ ਜਾਰੀ ਕੀਤਾ ਸੀ ਜਿਸ ਵਿੱਚ ਲਿਖਿਆ ਗਿਆ ਸੀ ਕਿ ਸੂਬਿਆਂ ਦਾ ਏਪੀਐਮਸੀ ਐਕਟ ਖ਼ਤਮ ਕੀਤਾ ਜਾਏਗਾ। ਮੰਡੀਆਂ ਦਾ ਸਿਸਟਮ ਖ਼ਤਮ ਕਰ ਦਿੱਤਾ ਜਾਏਗਾ। ਉਸ ਬਾਰੇ ਰਾਹੁਲ ਗਾਂਧੀ ਦੇ ਅੱਜ ਕੀ ਵਿਚਾਰ ਹਨ। ਪਹਿਲਾ ਇਨ੍ਹਾਂ ਗੱਲਾਂ ਦਾ ਜਵਾਬ ਰਾਹੁਲ ਗਾਂਧੀ ਦੇਣ।

NO COMMENTS