
ਚੰਡੀਗੜ੍ਹ 5 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਪੰਜਾਬ ‘ਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਕਿਸਾਨਾਂ ਦੇ ਹੱਕ ‘ਚ ਰੈਲੀਆਂ ਕਰ ਰਹੇ ਹਨ। ਬੇਸ਼ਕ ਇਹ ਪ੍ਰਦਰਸ਼ਨਾਂ ਦਾ ਹਿੱਸਾ ਹੈ ਪਰ ਉਨ੍ਹਾਂ ਲਈ ਸਹੂਲਤਾਂ ਸਾਰੀਆਂ ਮੌਜੂਦ ਹਨ। ਇਸ ਮੁੱਦੇ ‘ਤੇ ਹੁਣ ਆਮ ਆਦਮੀ ਪਾਰਟੀ ਪੰਜਾਬ ਨੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਘੇਰਿਆ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਰਾਹੁਲ ਦੀ ਫੇਰੀ ਲਈ ਪੰਜਾਬ ਸਰਕਾਰ ਦੀ ਸਾਰੀ ਐਡਮਨਿਸਟ੍ਰੇਸ਼ਨ ਪੱਬਾਂ ਭਾਰ ਹੋ ਰਹੀ ਹੈ, ਉੱਥੇ ਹੀ ਪੁਲਿਸ ਮੁਖੀ ਡੀਜੀਪੀ ਦਿਨਕਰ ਗੁਪਤਾ ਅਗਵਾਈ ਕਰ ਰਹੇ ਹਨ, ਜਦੋਂ ਕਿਤੇ ਕਾਨੂੰਨ ਵਿਵਸਥਾ ਖ਼ਰਾਬ ਹੁੰਦੀ ਹੈ ਤਾਂ ਡੀਜੀਪੀ ਨਜ਼ਰ ਨਹੀਂ ਆਉਂਦੇ।
ਉਨ੍ਹਾਂ ਕਿਹਾ ਪੰਜਾਬ ‘ਚ ਲੁੱਟ-ਖੋਹ ਧੱਕੇਸ਼ਾਹੀ ਤੇ ਡਕੈਤੀ ਦੀਆਂ ਘਟਨਾਵਾਂ ਰੋਜ਼ਾਨਾ ਵਾਪਰ ਰਹੀਆਂ ਹਨ। ਥਾਣਿਆਂ ‘ਚ ਆਮ ਗ਼ਰੀਬ ਲੋਕਾਂ ਦੀ ਕੋਈ ਸੁਣਵਾਈ ਨਹੀਂ, ਪਰ ਰਾਹੁਲ ਗਾਂਧੀ ਦੀ ਮਿਜਾਜਪੋਸ਼ੀ ਲਈ ਸਾਰਾ ਢਾਂਚਾ ਪੱਬਾਂ ਭਾਰ ਹੋ ਰਿਹਾ ਹੈ। ਬਰਸਟ ਨੇ ਕਿਹਾ ਕਿ ਜਿਸ ਤਰ੍ਹਾਂ ਪੂਰੀ ਪੰਜਾਬ ਸਰਕਾਰ ਰਾਹੁਲ ਗਾਂਧੀ ਦੀ ਸੇਵਾ ‘ਚ 24 ਘੰਟੇ ਹਾਜ਼ਰ ਹੈ, ਜੇਕਰ ਇਸ ਤਰ੍ਹਾਂ ਪੰਜਾਬ ਸਰਕਾਰ ਪੰਜਾਬ ਤੇ ਪੰਜਾਬ ਦੀ ਜਨਤਾ ਦੀ ਸੇਵਾ ਕਰਦੀ ਤਾਂ ਅੱਜ ਪੰਜਾਬ ਸੋਨੇ ਦੀ ਚਿੜੀ ਬਣ ਜਾਣਾ ਸੀ ਤੇ ਪੰਜਾਬ ਦੇ ਕਿਸੇ ਵੀ ਵਰਗ ਨੂੰ ਆਪਣੇ ਹੱਕਾਂ ਲਈ ਸੜਕਾਂ ‘ਤੇ ਧਰਨੇ-ਪ੍ਰਦਰਸ਼ਨ ਕਰਨ ਦੀ ਜ਼ਰੂਰਤ ਨਾ ਪੈਂਦੀ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਕਾਂਗਰਸੀ ਜਿਹੜੇ ਕਿਸਾਨ ਵਿਰੋਧੀ ਕਾਨੂੰਨ ਪਾਸ ਕਰਵਾਉਣ ਸਮੇਂ ਹਿੱਸੇਦਾਰ ਰਹੇ ਹਨ, ਹੁਣ ਕਿਸਾਨੀ ਇੱਕਜੁੱਟਤਾ ਤੇ ਸੰਘਰਸ਼ ਨੂੰ ਖੇਰੂੰ-ਖੇਰੂੰ ਕਰਨ ਲਈ ਨਿੱਤ ਨਵੇਂ ਡਰਾਮੇ ਕਰ ਰਹੇ ਹਨ। ਕਦੇ ਚੱਕਾ ਜਾਮ, ਕਦੇ ਰੋਡ ਸ਼ੋਅ ਅਤੇ ਹੁਣ ਰਾਹੁਲ ਗਾਂਧੀ ਵੱਲੋਂ ਕੀਤੀ ਦਾ ਰਹੀ ਖੇਤੀ ਬਚਾਓ ਰੈਲੀ। ਹਰਚੰਦ ਬਰਸਟ ਨੇ ਕਿਹਾ, ”ਮੈਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਣਾ ਚਾਹੁੰਦਾ ਹੈ ਕਿ ਉਹ ਦੱਸ ਸਕਦੇ ਹਨ ਕਿ ਜਦੋਂ ਪਾਰਲੀਮੈਂਟ ‘ਚ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਬਹਿਸ ਹੋ ਰਹੀ ਸੀ ਤਾਂ ਉਸ ਸਮੇਂ ਰਾਹੁਲ ਗਾਂਧੀ ਪਾਰਲੀਮੈਂਟ ‘ਚੋਂ ਕਿਉਂ ਗੈਰ ਹਾਜ਼ਰ ਸੀ?”
ਹਰਚੰਦ ਸਿੰਘ ਬਰਸਟ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਕਰਦਿਆਂ ਕਿਹਾ ਕਿ ਜੇਕਰ ਉਹ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਸਮਝਦੇ ਹਨ ਤਾਂ ਤੁਰੰਤ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਪੂਰੇ ਪੰਜਾਬ ਨੂੰ ਮੰਡੀ ਬਣਾਉਣ ਲਈ ਵਿਧਾਨ ਸਭਾ ‘ਚ ਮਤਾ ਪਾਸ ਕਰਨ ਤਾਂ ਕਿ ਕਿਸਾਨਾਂ ਤੇ ਪੰਜਾਬ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਪੰਜਾਬ ਦੇ ਲੋਕਾਂ ਤੇ ਕਿਸਾਨ ਦਾ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਪੰਜਾਬ ‘ਚ ਪਿਕਨਿਕ ਮਨਾਉਣ ਆਏ ਹੋਏ ਹਨ, ਪਰ ਪੰਜਾਬ ਦੇ ਸੂਝਵਾਨ ਲੋਕ ਤੇ ਕਿਸਾਨ ਇੰਨਾ ਦੀਆਂ ਗੁੱਝੀਆਂ ਚਾਲਾਂ ‘ਚ ਫਸਣ ਵਾਲੇ ਨਹੀਂ ਹਨ, ਕਿਉਂਕਿ ਹੁਣ ਪੰਜਾਬ ਦਾ ਹਰ ਵਰਗ ਕੈਪਟਨ-ਬਾਦਲ-ਮੋਦੀ ਦੀਆਂ ਮਾਰੂ ਯੋਜਨਾਵਾਂ ਤੋਂ ਚੰਗੀ ਤਰ੍ਹਾਂ ਵਾਕਫ਼ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਆਮ ਆਦਮੀ ਪਾਰਟੀ ਬਿਨ੍ਹਾਂ ਕਿਸੇ ਸ਼ਰਤ ਕਿਸਾਨਾਂ ਦੇ ਸਮੂਹ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੀ ਸੰਘਰਸ਼ ਦਾ ਸਮਰਥਨ ਤੇ ਸਹਿਯੋਗ ਕਰਦੀ ਰਹੇਗੀ।
