*ਰਾਹੁਲ ਗਾਂਧੀ ਦਾ ਪੰਜਾਬ ਦੌਰਾ ਰੱਦ, ਇਟਲੀ ਹੋਏ ਰਵਾਨਾ*

0
78

ਚੰਡੀਗੜ੍ਹ 30,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਚੋਣਾਂ ਨੇੜੇ ਆਉਂਦੇ ਹੀ ਕਾਂਗਰਸ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਹੁਣ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਦਾ ਪੰਜਾਬ ਦੌਰਾ ਰੱਦ ਹੋ ਗਿਆ ਹੈ। ਰਾਹੁਲ ਨੇ 3 ਜਨਵਰੀ ਮੋਗਾ ਤੋਂ ਚੋਣ ਪ੍ਰਚਾਰ ਮੁੰਹਿਮ ਦੀ ਸ਼ੁਰੂਆਤ ਕਰਨੀ ਸੀ। ਇਸ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਸਨ ਪਰ ਹੁਣ ਇਹ ਦੌਰਾ ਰੱਦ ਕਰ ਦਿੱਤਾ ਗਿਆ ਹੈ।

ਦੱਸ ਦਈਏ ਕਿ ਆਪਸੀ ਕਲੇਸ਼ ਵਿੱਚ ਘਿਰੀ ਕਾਂਗਰਸ ਦੇ ਤਿੰਨ ਵਿਧਾਇਕ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ। ਅਜੇ ਚਰਚਾ ਹੈ ਕਿ ਕੁਝ ਹੋਰ ਵਿਧਾਇਕ ਤੇ ਸੀਨੀਅਰ ਲੀਡਰ ਪਾਰਟੀ ਛੱਡ ਸਕਦੇ ਹਨ। ਮੰਨਿਆ ਜਾ ਰਿਹਾ ਸੀ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਨਾਲ ਕਾਂਗਰਸ ਦੇ ਕਲੇਸ਼ ਨੂੰ ਠੱਲ੍ਹ ਪਏਗੀ ਤੇ ਪਾਰਟੀ ਚੋਣ ਮੈਦਾਨ ਵਿੱਚ ਕੁੱਦ ਪਏਗੀ।

ਸੂਤਰਾਂ ਮੁਤਾਬਕ ਰਾਹੁਲ ਗਾਂਧੀ ਇਟਲੀ ਰਵਾਨਾ ਹੋ ਗਏ ਹਨ। ਇਸ ਲਈ ਉਹ 3 ਜਨਵਰੀ ਨੂੰ ਪੰਜਾਬ ਨਹੀਂ ਆਉਣਗੇ। ਹੁਣ ਉਨ੍ਹਾਂ ਦੀ ਰੈਲੀ 7 ਜਾਂ 8 ਜਨਵਰੀ ਨੂੰ ਹੋ ਸਕਦੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਪ੍ਰੋਗਰਾਮ ਅਚਾਨਕ ਰੱਦ ਨਹੀਂ ਕੀਤਾ ਗਿਆ, ਸਗੋਂ ਪਹਿਲਾਂ ਰੱਦ ਕਰ ਦਿੱਤਾ ਗਿਆ ਸੀ।

ਦਰਅਸਲ ਰਾਹੁਲ ਗਾਂਧੀ 3 ਤਰੀਕ ਨੂੰ ਰੈਲੀ ਕਰਨ ਜਾ ਰਹੇ ਸਨ ਤੇ ਪ੍ਰਧਾਨ ਮੰਤਰੀ ਦੇ ਵੀ ਉਸੇ ਦਿਨ ਪੰਜਾਬ ਦੇ ਦੌਰੇ ਦੀ ਚਰਚਾ ਸੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਪ੍ਰੋਗਰਾਮ 5 ਜਨਵਰੀ ਨੂੰ ਤੈਅ ਹੋ ਗਿਆ। ਇਸ ਕਾਰਨ ਰਾਹੁਲ ਗਾਂਧੀ ਦੀ ਰੈਲੀ ਰੱਦ ਕਰ ਦਿੱਤੀ ਗਈ ਸੀ।

ਮੋਗਾ ਤੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕਮਲਜੀਤ ਸਿੰਘ ਬਰਾੜ ਦਾ ਕਹਿਣਾ ਹੈ ਕਿ ਰੈਲੀ ਨੂੰ ਅੱਗੇ ਪਾ ਦਿੱਤਾ ਗਿਆ ਹੈ, ਪਰ ਇਸ ਨੂੰ ਰੱਦ ਨਹੀਂ ਕੀਤਾ ਗਿਆ। ਹਾਲੇ ਕੋਈ ਨਵੀਂ ਤਰੀਕ ਨਹੀਂ ਦਿੱਤੀ ਗਈ ਪਰ ਇਹ ਰੈਲੀ 7 ਜਾਂ 8 ਜਨਵਰੀ ਨੂੰ ਹੋ ਸਕਦੀ ਹੈ। 

LEAVE A REPLY

Please enter your comment!
Please enter your name here