ਮਾਨਸਾ 14 ਦਸੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ) : ਸਿਵਲ ਸਰਜਨ ਮਾਨਸਾ ਡਾਕਟਰ ਅਸ਼ਵਨੀ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਦੀਪ ਸ਼ਰਮਾ ਦੀ ਅਗਵਾਈ ਵਿੱਚ ਸਿਹਤ ਬਲਾਕ ਖਿਆਲਾ ਕਲਾਂ ਦੀ ਟੀਮ ਵੱਲੋਂ ਸਰਕਾਰੀ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਵਿੱਚ ਜਮਾਂਦਰੂ ਦਿਲ ਦੀ ਬਿਮਾਰੀ (ਦਿਲ ਵਿੱਚ ਸੁਰਾਖ)ਤੋਂ ਪੀੜਤ ਅਤੇ ਹੋਰ ਬੀਮਾਰੀ ਤੋਂ ਪੀੜਤ 48 ਬੱਚਿਆਂ ਦੀ ਪਹਿਚਾਣ ਕੀਤੀ ਗਈ ਹੈ।ਇਸ ਸੰਬੰਧੀ ਰਾਸ਼ਟਰੀ ਬਾਲ ਸਵਸਥ ਟੀਮ ਦੇ ਡਾਕਟਰ ਅਮਰਿੰਦਰ ਸ਼ਾਰਦਾ ਨੇ ਦੱਸਿਆ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਜਨਮੇ ਬੱਚੇ, ਆਂਗਣਵਾੜੀ ਵਿੱਚ ਰਜਿਸਟਰਡ ਬੱਚਿਆਂ, ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੜਦੇ ਪਹਿਲੀ ਤੋਂ ਬਾਰਵੀਂ ਜਮਾਤ (18 ਸਾਲ ਤੱਕ) ਦੇ ਬੱਚਿਆਂ ਦਾ ਮੋਬਾਇਲ ਹੈਲਥ ਟੀਮਾਂ ਦੁਆਰਾ ਸਾਲ ਵਿੱਚ ਦੋ ਵਾਰ ਮੁਆਇਨਾ ਕੀਤਾ ਜਾਂਦਾ ਹੈ ਅਤੇ ਰੈਫ਼ਰ ਕੀਤੇ ਗਏ ਬੱਚਿਆਂ ਦੀ 30 ਜਮਾਂਦਰੂ ਬਿਮਾਰੀਆਂ ਦਾ ਇਲਾਜ ਸੂਚੀਬੱਧ ਪੀ.ਜੀ.ਆਈ. ਚੰਡੀਗੜ , ਡੀ.ਐਮ.ਸੀ./ਸੀ.ਐਮ.ਸੀ. ਲੁਧਿਆਣਾ, ਫੋਰਟਿਸ ਅਤੇ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਐਸ.ਏ.ਐਸ. ਨਗਰ (ਮੁਹਾਲੀ) ਵਿੱਚ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ ।
ਬਲਾਕ ਐਜੂਕੇਟਰ ਕੇਵਲ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋ ਸਮੇਂ ਸਮੇਂ ਤੇ ਇਸ ਸਕੀਮ ਅਧੀਨ ਬੱਚਿਆਂ ਦੇ ਕੀਤੇ ਜਾਂਦੇ ਚੈਕਅੱਪ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕਰਨ ਲਈ ਜਿਲਾ ਪ੍ਰਸ਼ਾਸਨ, ਸਿੱਖਿਆ ਵਿਭਾਗ, ਆਂਗਣਵਾੜੀ ਵਿਭਾਗ ਨਾਲ ਤਾਲਮੇਲ ਕੀਤਾ ਜਾਂਦਾ ਹੈ ਤਾਂ ਜੋ ਵੱਧ ਤੋਂ ਵੱਧ ਲੋੜਵੰਦ ਬੱਚਿਆਂ ਦਾ ਇਲਾਜ ਕੀਤਾ ਜਾ ਸਕੇ। ਸਿਹਤ ਟੀਮ ਵੱਲੋਂ ਦਿਲ ਦੀ ਜਮਾਂਦਰੂ ਬੀਮਾਰੀ ਤੋਂ ਪੀੜਤ ਬੱਚਿਆਂ ਦੀ ਪਹਿਚਾਣ ਕਰਕੇ ਬੱਚਿਆਂ ਦੇ ਮਾਹਿਰ ਡਾਕਟਰ ਕੋਲ ਸਿਵਲ ਹਸਪਤਾਲ ਮਾਨਸਾ ਵਿਖੇ ਚੈੱਕ ਅੱਪ ਕਰਵਾਉਣ ਉਪਰੰਤ ਉਚ ਹਸਪਤਾਲ ਵਿੱਚ ਦਿਲ ਦੀ ਸਰਜਰੀ ਮੁਫ਼ਤ ਕਰਵਾਉਣ ਦਾ ਉਪਰਾਲਾ ਜਾਰੀ ਹੈ।
ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਅਧੀਨ ਮੁਫ਼ਤ ਇਲਾਜ ਪੂਰਾ ਕਰਵਾਉਣ ਲਈ ਮਾਪਿਆਂ ਨੂੰ ਪ੍ਰੇਰਿਤ ਕਰਨ ਲਈ ਕਮਿਊਨਿਟੀ ਸਿਹਤ ਅਫ਼ਸਰ ਮਨਦੀਪ ਕੌਰ ਨੇ ਪਿੰਡ ਤਾਮਕੋਟ ਵਿਖੇ ਦਿਲ ਦੀ ਜਮਾਂਦਰੂ ਬੀਮਾਰੀ ਦੇ ਬੱਚਿਆਂ ਦੇ ਘਰਾਂ ਦਾ ਦੌਰਾ ਕੀਤਾ ਗਿਆ। ਸਿਹਤ ਸੁਪਰਵਾਈਜ਼ਰ ਕਰਮਜੀਤ ਕੌਰ ਨੇ ਪਿੰਡ ਫਫੜੇ ਭਾਈ ਕੇ ਵਿਖੇ ਘਰਾਂ ਦੇ ਦੌਰੇ ਦੌਰਾਨ ਦਿਲ ਦੀ ਬੀਮਾਰੀ ਤੋਂ ਪੀੜਤ ਬੱਚਿਆਂ ਦੇ ਮਾਪਿਆਂ ਨੂੰ ਪ੍ਰੇਰਿਤ ਕੀਤਾ ਗਿਆ।ਸਿਹਤ ਟੀਮ ਨੇ ਲੋਕਾਂ ਨੂੰ ਜਾਗਰੂਕ ਕਰਦਿਆਂ ਅਪੀਲ ਕੀਤੀ ਕਿ ਜੇਕਰ ਉਹਨਾਂ ਦੇ ਨੇੜੇ ਤੇੜੇ ਕੋਈ ਅਜਿਹਾ ਲੋੜਵੰਦ ਬੱਚਾ ਜਿਸਦੇ ਬੱਚੇ ਦੇ ਦਿਲ ਵਿੱਚ ਜਨਮ ਤੋਂ ਸੁਰਾਖ ਹੋਵੇ , ਉਸ ਦਾ ਇਲਾਜ ਬਿਲਕੁਲ ਮੁਫ਼ਤ ਕਰਵਾ ਸਕਦਾ ਹੈ। ਇਸ ਮੌਕੇ ਸਿਹਤ ਟੀਮ ਦੇ ਗੁਰਵਿੰਦਰ ਕੌਰ,ਨਵਨੀਤ ਕੌਰ,ਸੁਮਨ ਰਾਣੀ ਹਾਜ਼ਰ ਸਨ।ਕੈਪਸ਼ਨ: ਸਿਹਤ ਟੀਮ ਮਾਪਿਆਂ ਨੂੰ ਪ੍ਰੇਰਿਤ ਕਰਨ ਸਮੇਂ ਦਾ ਦ੍ਰਿਸ਼।