*ਰਾਸ਼ਟਰੀਆ ਇੰਡੀਅਨ ਮਿਲਟਰੀ ਕਾਲਜ, ਦੇਹਰਾਦੂਨ ’ਚ ਦਾਖਲੇ ਲਈ ਲਿਖਤੀ ਪ੍ਰੀਖਿਆ 1 ਜੂਨ ਨੂੰ, 31 ਮਾਰਚ, 2025 ਤੱਕ ਅਰਜ਼ੀਆਂ ਮੰਗੀਆਂ*

0
8

ਚੰਡੀਗੜ੍ਹ, 18 ਜਨਵਰੀ:(ਸਾਰਾ ਯਹਾਂ/ਬਿਊਰੋ ਨਿਊਜ਼)

ਡਾਇਰੈਕਟੋਰੇਟ ਰੱਖਿਆ ਸੇਵਾਵਾਂ ਭਲਾਈ, ਪੰਜਾਬ ਦੇ ਬੁਲਾਰੇ ਨੇ ਦੱਸਿਆ ਕਿ ਰਾਸ਼ਟਰੀ ਇੰਡੀਅਨ ਮਿਲਟਰੀ ਕਾਲਜ,(ਆਰ.ਆਈ.ਐਮ.ਸੀ) ਦੇਹਰਾਦੂਨ ਵਿੱਚ ਜਨਵਰੀ 2026 ਟਰਮ ਦੇ ਦਾਖਲੇ ਲਈ ਲਿਖਤੀ ਪ੍ਰੀਖਿਆ ਐਤਵਾਰ, 1 ਜੂਨ, 2025 ਨੂੰ ਲਈ ਜਾਵੇਗੀ। ਇਹ ਪ੍ਰੀਖਿਆ ਲਾਲਾ ਲਾਜਪਤ ਰਾਏ ਭਵਨ, ਸੈਕਟਰ 15, ਚੰਡੀਗੜ੍ਹ ਵਿਖੇ ਹੋਵੇਗੀ।  

ਬੁਲਾਰੇ ਨੇ ਅੱਗੇ ਦੱਸਿਆ ਕਿ ਆਰ.ਆਈ.ਐਮ.ਸੀ., ਦੇਹਰਾਦੂਨ ਵਿੱਚ ਦਾਖਲੇ ਲਈ ਲੜਕੇ ਅਤੇ ਲੜਕੀਆਂ ਦੋਵੇਂ ਹੀ ਬਿਨੈ ਕਰ ਸਕਦੇ ਹਨ। ਬਿਨੈਕਾਰਾਂ ਦੀ ਜਨਮ ਮਿਤੀ 2 ਜਨਵਰੀ, 2013 ਤੋਂ 1 ਜੁਲਾਈ, 2014 (ਦੋਵੇਂ ਤਾਰੀਖਾਂ ਸਮੇਤ) ਦੇ ਵਿਚਕਾਰ ਹੋਣੀ ਚਾਹੀਦੀ ਹੈ। ਉਹਨਾਂ ਅੱਗੇ ਦੱਸਿਆ ਕਿ ਉਮੀਦਵਾਰ ਕਿਸੇ ਵੀ ਮਾਨਤਾ ਪ੍ਰਾਪਤ ਸਕੂਲ ਵਿੱਚ 7ਵੀਂ ਜਮਾਤ ਵਿੱਚ ਪੜ੍ਹ ਰਿਹਾ ਹੋਣਾ ਚਾਹੀਦਾ ਹੈ ਜਾਂ ਉਸ ਨੇ 7ਵੀਂ ਜਮਾਤ ਪਾਸ ਕੀਤੀ ਹੋਣੀ ਚਾਹੀਦੀ ਹੈ। ਚੁਣੇ ਗਏ ਉਮੀਦਵਾਰਾਂ ਨੂੰ 8ਵੀਂ ਜਮਾਤ ਵਿੱਚ ਦਾਖਲਾ ਦਿੱਤਾ ਜਾਵੇਗਾ। ਪ੍ਰੀਖਿਆ ਵਿੱਚ ਅੰਗਰੇਜ਼ੀ, ਗਣਿਤ ਅਤੇ ਸਧਾਰਨ ਗਿਆਨ ਦੇ ਤਿੰਨ ਪੇਪਰ ਹੋਣਗੇ। ਲਿਖਤੀ ਪ੍ਰੀਖਿਆ ਵਿੱਚ ਪਾਸ ਹੋਣ ਵਾਲੇ ਉਮੀਦਵਾਰਾਂ ਨੂੰ ਜ਼ੁਬਾਨੀ ਪ੍ਰੀਖਿਆ ਲਈ ਬੁਲਾਇਆ ਜਾਵੇਗਾ। ਜ਼ੁਬਾਨੀ ਪ੍ਰੀਖਿਆ ਦੀ ਸਮਾਂ-ਸਾਰਣੀ ਬਾਰੇ ਬਾਅਦ ਵਿੱਚ ਸੂਚਿਤ ਕੀਤਾ ਜਾਵੇਗਾ।

ਬੁਲਾਰੇ ਨੇ ਦੱਸਿਆ ਕਿ ਪ੍ਰਾਸਪੈਕਟਸ-ਕਮ-ਐਪਲੀਕੇਸ਼ਨ ਫਾਰਮ ਅਤੇ ਪੁਰਾਣੇ ਪ੍ਰਸ਼ਨ ਪੱਤਰਾਂ ਦਾ ਇੱਕ ਕਿਤਾਬਚਾ ਆਰ.ਆਈ.ਐਮ.ਸੀ. ਦੀ ਵੈੱਬਸਾਈਟ www.rimc.gov.in ’ਤੇ ਉਪਲੱਬਧ ਹੈ ਅਤੇ ਜਨਰਲ ਉਮੀਦਵਾਰ 600 ਰੁਪਏ ਅਤੇ ਐਸ.ਸੀ./ਐਸ.ਟੀ. ਉਮੀਦਵਾਰ 555 ਰੁਪਏ ਦੀ ਆਨਲਾਈਨ ਅਦਾਇਗੀ ਕਰਕੇ ਇਸ ਨੂੰ ਪ੍ਰਾਪਤ ਕਰ ਸਕਦੇ ਹਨ। ਭੁਗਤਾਨ ਉਪਰੰਤ, ਉਪਰੋਕਤ ਸਮੱਗਰੀ ਸਪੀਡ ਪੋਸਟ ਰਾਹੀਂ ਭੇਜੀ ਜਾਵੇਗੀ।

ਬੁਲਾਰੇ ਨੇ ਦੱਸਿਆ ਕਿ ਪੁਰਾਣੇ ਪ੍ਰਸ਼ਨ ਪੱਤਰਾਂ ਦਾ ਕਿਤਾਬਚਾ ਅਤੇ ਪ੍ਰਾਸਪੈਕਟਸ-ਕਮ-ਐਪਲੀਕੇਸ਼ਨ ਫਾਰਮ ਜਨਰਲ ਉਮੀਦਵਾਰਾਂ ਲਈ 600 ਰੁਪਏ ਜਾਂ ਐਸ.ਸੀ./ਐਸ.ਟੀ. ਉਮੀਦਵਾਰਾਂ ਲਈ 555 ਰੁਪਏ (ਜਾਤੀ ਸਰਟੀਫਿਕੇਟ ਦੇ ਨਾਲ) ਦੇ ਡਿਮਾਂਡ ਡਰਾਫਟ ਨਾਲ ਲਿਖਤੀ ਬੇਨਤੀ ਭੇਜ ਕੇ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਡਿਮਾਂਡ ਡਰਾਫਟ “ਕਮਾਂਡੈਂਟ ਆਰ.ਆਈ.ਐਮ.ਸੀ. ਫੰਡ” ਦੇ ਹੱਕ ਵਿੱਚ ਬਣਾਇਆ ਜਾਣਾ ਚਾਹੀਦਾ ਹੈ ਅਤੇ ਐਚ.ਡੀ.ਐਫ.ਸੀ. ਬੈਂਕ, ਦਰਾਵੀ ਸ਼ਾਖਾ, ਬੱਲੂਪੁਰ ਚੌਕ, ਦੇਹਰਾਦੂਨ (ਬੈਂਕ ਕੋਡ 1399) ਉਤਰਾਖੰਡ ਵਿਖੇ ਭੁਗਤਾਨਯੋਗ ਹੋਣਾ ਚਾਹੀਦਾ ਹੈ। ਅਰਜ਼ੀ ਵਿੱਚ ਪਿੰਨ ਕੋਡ ਅਤੇ ਸੰਪਰਕ ਨੰਬਰ ਸਮੇਤ ਉਮੀਦਵਾਰ ਦਾ ਪੂਰਾ ਪਤਾ ਵੱਡੇ ਅੱਖਰਾਂ ਵਿੱਚ ਲਿਖਿਆ ਜਾਣਾ ਚਾਹੀਦਾ ਹੈ।

ਉਨ੍ਹਾਂ ਦੱਸਿਆ ਕਿ ਅਰਜ਼ੀਆਂ ਦੋ ਪਰਤਾਂ ਵਿੱਚ ਜਮ੍ਹਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ ਅਤੇ ਅਰਜ਼ੀ ਨਾਲ ਜਨਮ ਸਰਟੀਫਿਕੇਟ, ਰਿਹਾਇਸ਼ੀ ਸਰਟੀਫਿਕੇਟ, ਐਸ.ਸੀ./ਐਸ.ਟੀ. ਸਰਟੀਫਿਕੇਟ (ਜੇ ਲਾਗੂ ਹੋਵੇ), ਤਿੰਨ ਪਾਸਪੋਰਟ-ਆਕਾਰ ਦੀਆਂ ਫੋਟੋਆਂ, ਉਮੀਦਵਾਰ ਦੇ ਆਧਾਰ ਕਾਰਡ (ਦੋਵੇਂ ਪਾਸੇ) ਦੀ ਫੋਟੋਕਾਪੀ, ਅਤੇ ਮੌਜੂਦਾ ਸਕੂਲ ਦੇ ਪ੍ਰਿੰਸੀਪਲ ਵੱਲੋਂ ਤਸਦੀਕਸ਼ੁਦਾ ਸਰਟੀਫਿਕੇਟ ਜਿਸ ਵਿੱਚ ਬੱਚੇ ਦੀ ਜਨਮ ਤਾਰੀਖ ਅਤੇ ਜਮਾਤ ਲਿਖੀ ਹੋਵੇ, ਨਾਲ ਨੱਥੀ ਕੀਤੇ ਜਾਣੇ ਚਾਹੀਦੇ ਹਨ।

ਬੁਲਾਰੇ ਨੇ ਕਿਹਾ ਕਿ ਮੁਕੰਮਲ ਅਰਜ਼ੀਆਂ 31 ਮਾਰਚ, 2025 ਨੂੰ ਜਾਂ ਇਸ ਤੋਂ ਪਹਿਲਾਂ ਡਾਇਰੈਕਟੋਰੇਟ ਰੱਖਿਆ ਸੇਵਾਵਾਂ ਭਲਾਈ ਪੰਜਾਬ, ਪੰਜਾਬ ਸੈਨਿਕ ਭਵਨ, ਸੈਕਟਰ 21-ਡੀ, ਚੰਡੀਗੜ੍ਹ ਵਿਖੇ ਪਹੁੰਚਣੀਆਂ ਚਾਹੀਦੀਆਂ ਹਨ। ਇਸ ਮਿਤੀ ਤੋਂ ਬਾਅਦ ਪ੍ਰਾਪਤ ਹੋਈਆਂ ਅਰਜ਼ੀਆਂ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ।

LEAVE A REPLY

Please enter your comment!
Please enter your name here