
ਚੰਡੀਗੜ, 29 ਸਤੰਬਰ (ਸਾਰਾ ਯਹਾ / ਮੁੱਖ ਸੰਪਾਦਕ) ; ਪੰਜਾਬ ਸਕੁਲ ਸਿੱਖਿਆ ਵਿਭਾਗ ਨੇ ‘ਰਾਸ਼ਟਰੀ ਯੂਥ ਪਾਰਲੀਮੈਂਟ ਪ੍ਰੋਗਰਾਮ’ ਲਈ ਵਿਦਿਆਰਥੀਆਂ ਨੂੰ ਤਿਆਰੀ ਕਰਵਾਉਣ ਵਾਸਤੇ ਸਿਲੇਬਸ ਬਣਾ ਕੇ ਸਕੂਲਾਂ ਨੂੰ ਭੇਜ ਦਿੱਤਾ ਹੈ ਅਤੇ ਇਸ ਦੇ ਆਧਾਰ ’ਤੇ ਵਿਦਿਆਰਥੀਆਂ ਨੂੰ ਤਿਆਰੀ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਏਥੇ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਵਿਦਿਆਰਥੀਆਂ ਵਿੱਚ ਲੋਕਤੰਤਰੀ ਕਦਰਾਂ-ਕੀਮਤਾ ਪ੍ਰਤੀ ਲਗਨ ਅਤੇ ਭਾਵਨਾ ਪੈਦਾ ਕਰਨ ਦੇ ਉਦੇਸ਼ ਨਾਲ ‘ਰਾਸ਼ਟਰੀ ਯੂਥ ਪਾਰਲੀਮੈਂਟ ਪ੍ਰੋਗਰਾਮ’ ਕਰਵਾਇਆ ਜਾਂਦਾ ਹੈ। ਸਕੂਲ ਸਿੱਖਿਆ ਵਿਭਾਗ ਨੇ ਇਸ ਪ੍ਰੋਗਰਾਮ ਵਾਸਤੇ ਵਿਦਿਆਰਥੀਆਂ ਨੂੰ ਤਿਆਰ ਕਰਨ ਲਈ ਸਿਲੇਬਸ ਤਿਆਰ ਕੀਤਾ ਹੈ। ਬੁਲਾਰੇ ਅਨੁਸਾਰ ਇਸ ਪ੍ਰੋਗਰਾਮ ਵਿੱਚ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀ ਹਿੱਸਾ ਲੈਣਗੇ। ਨੋਵੀਂ ਅਤੇ ਦਸਵੀਂ ਦੇ ਵਿਦਿਆਰਥੀਆਂ ਲਈ ਨਾਗਰਿਕ ਸ਼ਾਸਤਰ ਦੇ ਵਿਸ਼ਿਆਂ ਵਿੱਚੋਂ ਜਦਕਿ ਗਿਆਰਵੀਂ ਅਤੇ ਬਾਹਰਵੀਂ ਦੇ ਵਿਦਿਆਰਥੀਆਂ ਲਈ ਰਾਜਨੀਤੀ ਸ਼ਾਸਤਰ ਵਿੱਚੋਂ ਸਿਲੇਬਸ ਅੰਤਿਮ ਰੂਪ ਦਿੱਤਾ ਗਿਆ ਹੈ।
ਬੁਲਾਰੇ ਅਨੁਸਾਰ ਸਕੂਲ ਮੁਖੀਆਂ ਨੂੰ ਭੇਜੇ ਗਏ ਸਿਲੇਬਸ ਦੇ ਆਧਾਰ ’ਤੇ ਹੀ ਵਿਦਿਆਰਥੀਆਂ ਨੂੰ ਤਿਆਰੀ ਲਈ ਗਤੀਵਿਧੀਆਂ ਕਰਵਾਉਣ ਲਈ ਨਿਰਦੇਸ਼ ਦਿੱਤੇ ਗਏ ਹਨ। ਬੁਲਾਰੇ ਅਨੁਸਾਰ ਇਸ ਨਾਲ ਵਿਦਿਆਰਥੀਆਂ ਨੂੰ ਨਾ ਕੇਵਲ ਅਕਾਦਮਿਕ ਗਿਆਨ ਪ੍ਰਾਪਤ ਹੋਵੇਗਾ ਸਗੋਂ ਉਹ ‘ਰਾਸ਼ਟਰੀ ਯੂਥ ਪਾਰਲੀਮੈਂਟ ਪ੍ਰੋਗਰਾਮ’ ਲਈ ਪਹਿਲਾਂ ਤੋਂ ਹੀ ਤਿਆਰ ਹੋ ਸਕਣਗੇ।
————–
