
ਚੰਡੀਗੜ, 26 ਅਗਸਤ (ਸਾਰਾ ਯਹਾਂ/ ਮੁੱਖ ਸੰਪਾਦਕ ) ਬਰਮਿੰਘਮ ਵਿਖੇ ਹਾਲ ਹੀ ਵਿੱਚ ਸੰਪੰਨ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਦੇਸ਼ ਦਾ ਨਾਮ ਰੌਸ਼ਨ ਵਾਲੇ ਪੰਜਾਬ ਦੇ 23 ਖਿਡਾਰੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ 9.30 ਕਰੋੜ ਰੁਪਏ ਦੀ ਇਨਾਮ ਰਾਸ਼ੀ ਨਾਲ ਸਨਮਾਨਤ ਕਰਨਗੇ। ਭਲਕੇ 27 ਅਗਸਤ ਨੂੰ ਚੰਡੀਗੜ ਵਿਖੇ ਹੋਣ ਵਾਲੇ ਸਨਮਾਨ ਸਮਾਰੋਹ ਸਮਾਗਮ ਵਿੱਚ ਮੁੱਖ ਮੰਤਰੀ ਤਮਗੇ ਜਿੱਤਣ ਅਤੇ ਹਿੱਸਾ ਲੈਣ ਵਾਲੇ ਸਾਰੇ ਪੰਜਾਬੀ ਖਿਡਾਰੀਆਂ ਨੂੰ ਸਨਮਾਨ ਕਰਨਗੇ। ਇਹ ਜਾਣਕਾਰੀ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ।
ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਮੁੜ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਜਿਸ ਤਹਿਤ ਸੂਬੇ ਦੇ ਨਾਮ ਰੌਸ਼ਨ ਵਾਲੇ ਖਿਡਾਰੀਆਂ ਨੂੰ ਨਗਦ ਇਨਾਮ ਰਾਸ਼ੀ ਨਾਲ ਸਨਮਾਨਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ 29 ਅਗਸਤ ਨੂੰ ਪੰਜਾਬ ਵਿੱਚ ਖੇਡਾਂ ਦਾ ਮਹਾਂਕੁੰਭ ‘ਖੇਡਾਂ ਵਤਨ ਪੰਜਾਬ ਦੀਆਂ-2022’ ਸ਼ੁਰੂ ਹੋ ਰਹੀਆਂ ਹਨ। ਬਰਮਿੰਘਮ ਰਾਸ਼ਟਰਮੰਡਲ ਖੇਡਾਂ-2022 ਵਿੱਚ ਚਾਂਦੀ ਦਾ ਤਮਗਾ ਜੇਤੂ ਖਿਡਾਰੀ ਨੂੰ 50 ਲੱਖ ਰੁਪਏ, ਕਾਂਸੀ ਦਾ ਤਮਗਾ ਜੇਤੂ ਨੂੰ 40 ਲੱਖ ਰੁਪਏ ਅਤੇ ਹਿੱਸਾ ਲੈਣ ਵਾਲੇ ਖਿਡਾਰੀ ਨੂੰ 5 ਲੱਖ ਰੁਪਏ ਦੀ ਇਨਾਮ ਰਾਸ਼ੀ ਨਾਲ ਸਨਮਾਨਤ ਕੀਤਾ ਜਾ ਰਿਹਾ ਹੈ।
ਖੇਡ ਮੰਤਰੀ ਨੇ ਦੱਸਿਆ ਕਿ ਬਰਮਿੰਘਮ ਵਿਖੇ ਪੰਜਾਬ ਦੇ 23 ਖਿਡਾਰੀਆਂ ਨੇ ਹਿੱਸਾ ਲਿਆ ਜਿਨਾਂ ਵਿੱਚੋਂ 19 ਖਿਡਾਰੀਆਂ ਨੇ ਤਿੰਨ ਚਾਂਦੀ ਅਤੇ ਚਾਰ ਕਾਂਸੀ ਦੇ ਤਮਗੇ ਜਿੱਤੇ। ਵੇਟਲਿਫਟਰ ਵਿਕਾਸ ਠਾਕੁਰ, ਪੁਰਸ਼ ਹਾਕੀ ਟੀਮ ਦੇ ਮਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਅਕਾਸ਼ਦੀਪ ਸਿੰਘ, ਮਨਦੀਪ ਸਿੰਘ, ਗੁਰਜੰਟ ਸਿੰਘ, ਹਾਰਦਿਕ ਸਿੰਘ, ਵਰੁਣ ਕੁਮਾਰ, ਕ੍ਰਿਸ਼ਨ ਪਾਠਕ, ਸ਼ਮਸ਼ੇਰ ਸਿੰਘ, ਜਰਮਨਜੀਤ ਸਿੰਘ ਤੇ ਜੁਗਰਾਜ ਸਿੰਘ, ਮਹਿਲਾ ਕ੍ਰਿਕਟ ਟੀਮ ਦੀ ਹਰਮਨਪ੍ਰੀਤ ਕੌਰ, ਹਰਲੀਨ ਦਿਓਲ ਤੇ ਤਾਨੀਆ ਭਾਟੀਆ ਨੇ ਚਾਂਦੀ ਦਾ ਤਮਗਾ ਜਿੱਤਿਆ। ਵੇਟਲਿਫਟਰ ਹਰਜਿੰਦਰ ਕੌਰ, ਲਵਪ੍ਰੀਤ ਸਿੰਘ ਤੇ ਗੁਰਦੀਪ ਸਿੰਘ ਅਤੇ ਮਹਿਲਾ ਹਾਕੀ ਟੀਮ ਦੀ ਖਿਡਾਰਨ ਗੁਰਜੀਤ ਕੌਰ ਨੇ ਕਾਂਸੀ ਦਾ ਤਮਗਾ ਜਿੱਤਿਆ। ਇਸ ਤੋਂ ਇਲਾਵਾ ਜੂਡੋ ਵਿੱਚ ਜਸਲੀਨ ਸੈਣੀ, ਅਥਲੈਟਿਕਸ ਵਿੱਚ ਨਵਜੀਤ ਕੌਰ ਢਿੱਲੋਂ ਅਤੇ ਸਾਈਕਲਿੰਗ ਵਿੱਚ ਨਮਨ ਕਪਿਲ ਤੇ ਵਿਸ਼ਵਜੀਤ ਸਿੰਘ ਨੇ ਹਿੱਸ ਲਿਆ।———
