ਰਾਸ਼ਟਰਪਤੀ ਨੂੰ ਲਿਖੀ ਚਿੱਠੀ ‘ਚ ਬਾਦਲ ਨੇ ਕਹੀਆਂ ਵੱਡੀਆਂ ਗੱਲਾਂ, ਪੰਜਾਬ ਦੀ ਸਿਆਸਤ ਦਾ ਬਦਲਿਆ ਰੁਖ਼

0
67

ਚੰਡੀਗੜ੍ਹ 3,ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ : ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਤੇ ਸਾਬਕਾ ਕੇਂਦਰੀ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਅੰਦੋਲਨਕਾਰੀ ਕਿਸਾਨਾਂ ਦੇ ਹੱਕ ਵਿੱਚ ਆਪਣਾ ‘ਪਦਮ ਵਿਭੂਸ਼ਨ’ ਪੁਰਸਕਾਰ ਕੇਂਦਰ ਸਰਕਾਰ ਨੂੰ ਵਾਪਸ ਕਰ ਦਿੱਤਾ ਹੈ। ਵੱਡੇ ਬਾਦਲ ਨੇ ਆਪਣਾ ਇਹ ਵੱਕਾਰੀ ਪੁਰਸਕਾਰ ਵਾਪਸ ਕਰਦਿਆਂ ਰਾਸ਼ਟਰਪਤੀ ਨੂੰ ਲਿਖੀ ਚਿੱਠੀ ਵਿੱਚ ਲਿਖਿਆ ਹੈ ਕਿ ਭਾਰਤ ਸਰਕਾਰ ਨੇ ਕਿਸਾਨਾਂ ਨਾਲ ਵਿਸ਼ਵਾਸਘਾਤ ਕੀਤਾ ਹੈ।

ਬਾਦਲ ਦੀ ਤਿੱਖੀ ਸ਼ਬਦਵਾਲੀ ਨੂੰ ਵੇਖ ਸਹਿਜੇ ਹੀ ਸਮਝਿਆ ਜਾ ਸਕਦਾ ਹੈ ਕਿ ਪੰਜਾਬ ਦੀ ਸਿਆਸਤ ਦਾ ਰੁਖ਼ ਬਦਲ ਰਿਹਾ ਹੈ। ਬਾਦਲ ਨੇ ਪਹਿਲੀ ਵਾਰ ਕੇਂਦਰ ਸਰਕਾਰ ਪ੍ਰਤੀ ਇੰਨੀ ਸਖਤ ਸ਼ਬਦਵਾਲੀ ਵਰਤੀ ਹੈ। ਮੰਨਿਆ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਕਰਕੇ ਪੰਜਾਬ ਦੀ ਸਿਆਸਤ ਵੱਡੀ ਕਰਵਟ ਲੈਣ ਜਾ ਰਹੀ ਹੈ। ਇਸ ਕਰਕੇ ਹੀ ਘਾਗ ਸਿਆਸਤਦਾਨ ਬਾਦਲ ਪਹਿਲਾਂ ਹੀ ਹਾਲਾਤ ਨੂੰ ਸਮਝ ਗਏ ਹਨ।

ਬਾਦਲ ਨੇ ਕਿਹਾ ਕਿ ਕਿਸਾਨ ਇੰਨੇ ਦਿਨਾਂ ਤੋਂ ਸ਼ਾਂਤੀਪੂਰਨ ਤੇ ਜਮਹੂਰੀ ਢੰਗ ਨਾਲ ਆਪਣੀਆਂ ਮੰਗਾਂ ਲਈ ਅੰਦੋਲਨ ਕਰ ਰਹੇ ਹਨ ਪਰ ਸਰਕਾਰ ਦਾ ਰਵੱਈਆ ਪੂਰੀ ਤਰ੍ਹਾਂ ਉਦਾਸੀਨ ਤੇ ਅਪਮਾਨਜਨਕ ਹੈ। ਦੱਸ ਦੇਈਏ ਕਿ ਕਿਸਾਨ ਭਾਰਤ ਸਰਕਾਰ ਵੱਲੋਂ ਬਣਾਏ 3 ਨਵੇਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕਰ ਰਹੀ ਹੈ।

ਬਾਦਲ ਨੇ ਰਾਸ਼ਟਰਪਤੀ ਨੂੰ ਲਿਖੀ ਇੱਕ ਲੰਮੀ ਚਿੱਠੀ ਵਿੱਚ ਲਿਖਿਆ ਹੈ ਕਿ ਕਿਸਾਨਾਂ ਪ੍ਰਤੀ ਕੇਂਦਰ ਸਰਕਾਰ ਦਾ ਰਵੱਈਆ ਪੂਰੀ ਤਰ੍ਹਾਂ ਗ਼ੈਰ ਵਾਜਬ ਹੈ। ਆਰਡੀਨੈਂਸ ਜਾਰੀ ਕਰਨ ਲੱਗੇ ਤਾਂ ਭਾਰਤ ਸਰਕਾਰ ਨੇ ਇਹੋ ਭਰੋਸਾ ਦਿਵਾਇਆ ਸੀ ਕਿ ਕਿਸਾਨਾਂ ਦੇ ਸਾਰੇ ਖ਼ਦਸ਼ੇ ਦੂਰ ਕਰ ਦਿੱਤੇ ਜਾਣਗੇ। ਸੀਨੀਅਰ ਬਾਦਲ ਨੇ ਆਪਣੀ ਚਿੱਠੀ ਵਿੱਚ ਲਿਖਿਆ ਹੈ ਕਿ ਇਸ ਤੋਂ ਪਹਿਲਾਂ ਇੰਨੇ ਲੰਮੇ ਸਿਆਸੀ ਕਰੀਅਰ ਵਿੱਚ ਉਨ੍ਹਾਂ ਨੂੰ ਕਦੇ ਵੀ ਅਜਿਹੇ ਦੁਖਦਾਈ ਛਿਣਾਂ ਦਾ ਸਾਹਮਣਾ ਨਹੀਂ ਕਰਨਾ ਪਿਆ। ਉਨ੍ਹਾਂ ਕੇਂਦਰ ਸਰਕਾਰ ਨੂੰ ਕਿਸਾਨਾਂ ਪ੍ਰਤੀ ਅਹਿਸਾਨ-ਫ਼ਰਾਮੋਸ਼ ਵੀ ਕਰਾਰ ਦਿੱਤਾ।

ਬਾਦਲ ਨੇ ਅੱਗੇ ਲਿਖਿਆ ਹੈ ਕਿ 1960ਵਿਆਂ ਦੌਰਾਨ ਜਦੋਂ ਦੇਸ਼ ਵਿੱਚ ਅਨਾਜ ਦੀ ਕਮੀ ਹੁੰਦੀ ਸੀ, ਭੁੱਖਮਰੀ ਵਾਲੇ ਹਾਲਾਤ ਸਨ ਤੇ ਸਾਨੂੰ ਅਨਾਜ ਹੋਰਨਾਂ ਦੇਸ਼ਾਂ ਤੋਂ ਮੰਗਣਾ ਪੈਂਦਾ ਸੀ; ਤਦ ਸਕਰਾਰ ਨੇ ਕਿਸਾਨਾਂ ਨੂੰ ਹੀ ਕੁਝ ਕਰ ਵਿਖਾਉਣ ਲਈ ਆਖਿਆ ਸੀ ਤੇ ਕਿਸਾਨਾਂ ਨੇ ਤਿੰਨ ਸਾਲਾਂ ਦੇ ਰਿਕਾਰਡ ਸਮੇਂ ਅੰਦਰ ਹੀ ਭਾਰਤ ਨੂੰ ਅਨਾਜ ਬਰਾਮਦ ਕਰਨ ਵਾਲਾ ਦੇਸ਼ ਬਣਾ ਦਿੱਤਾ ਸੀ। ਪੰਜਾਬ ਦੇ ਕਿਸਾਨ ਦੇਸ਼ ਵਿੱਚ ਹਰਾ ਇਨਕਲਾਬ ਲਿਆਉਣ ਦੇ ਮਾਮਲੇ ’ਚ ਮੋਹਰੀ ਰਹੇ ਸਨ ਪਰ ਇੰਝ ਕਰਦਿਆਂ ਉਨ੍ਹਾਂ ਨੂੰ ਆਪਣੇ ਪੰਜਾਬ ਦੀ ਧਰਤੀ ਦੀ ਉਪਜਾਇਕਤਾ ਤੇ ਪਾਣੀ ਜਿਹੇ ਦੋ ਕੁਦਰਤੀ ਸਰੋਤਾਂ ਦੀ ਕੁਰਬਾਨੀ ਵੀ ਕਰਨੀ ਪਈ।

‘ਅੱਜ ਜਦੋਂ ਕਿਸਾਨ ਨੂੰ ਜਿਊਣ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ, ਉਪਰੋਂ ਇਹ ਨਵੇਂ ਤਿੰਨ ਕਾਲੇ ਖੇਤੀ ਕਾਨੂੰਨ ਉਸ ਲਈ ਵੱਡੀ ਮੁਸੀਬਤ ਬਣ ਕੇ ਆਣ ਖਲੋਤੇ ਹਨ।…ਪਰ ਕਿਸਾਨਾਂ ਪ੍ਰਤੀ ਸਰਕਾਰ ਦਾ ਰਵੱਈਆ ਬੇਹੱਦ ਦੁਖਦਾਈ ਹੈ। ਕਿਸਾਨਾਂ ਉੱਤੇ ਹੁਣ ਲਾਠੀਚਾਰਜ ਕੀਤਾ ਜਾ ਰਿਹਾ ਹੈ, ਉਨ੍ਹਾਂ ਉੱਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਹਨ ਤੇ ਪਾਣੀ ਦੀਆਂ ਬੁਛਾੜਾਂ ਵੱਖਰੀਆਂ ਮਾਰੀਆਂ ਜਾ ਰਹੀਆਂ ਹਨ।…ਮੈਂ ਪੰਜਾਬ ਦੀ ਜਨਤਾ ਪ੍ਰਤੀ ਵਚਨਬੱਧ ਹਾਂ ਤੇ ਕਿਸਾਨਾਂ ਦੀ ਗਿਣਤੀ ਸਾਡੇ ਸੂਬੇ ’ਚ ਸਭ ਤੋਂ ਵੱਧ ਹੈ। ਉਨ੍ਹਾਂ ਕਰਕੇ ਹੀ ਮੈਨੁੰ ‘ਪਦਮ ਵਿਭੂਸ਼ਨ’ ਪੁਰਸਕਾਰ ਮਿਲਿਆ ਸੀ।

ਅੱਜ ਜਦੋਂ ਉਸ ਕਿਸਾਨ ਦੀ ਇੱਜ਼ਤ ਹੀ ਰੁਲ਼ ਰਹੀ ਹੈ, ਇਸ ਲਈ ਮੈਨੂੰ ਹੁਣ ਇਹ ਪੁਰਸਕਾਰ ਆਪਣੇ ਕੋਲ ਰੱਖਣ ਦੀ ਕੋਈ ਤੁਕ ਨਹੀਂ ਜਾਪਦੀ। ਇਸੇ ਲਈ ਮੈਂ ਸਰਕਾਰ ਦੇ ਵਿਸ਼ਵਾਸਘਾਤ ਕਾਰਣ ਇਹ ਪੁਰਸਕਾਰ ਵਾਪਸ ਕਰ ਰਿਹਾ ਹਾਂ।’ ਅੰਤ ’ਚ ਬਾਦਲ ਨੇ ਰਾਸ਼ਟਰਪਤੀ ਤੋਂ ਇਸ ਰੇੜਕੇ ਦਾ ਕੋਈ ਸਾਰਥਕ ਹੱਲ ਲੱਭਣ ਦੀ ਆਸ ਵੀ ਪ੍ਰਗਟਾਈ ਹੈ।

LEAVE A REPLY

Please enter your comment!
Please enter your name here