(ਸਾਰਾ ਯਹਾਂ/ਬਿਊਰੋ ਨਿਊਜ਼ ) : ਬਲਾਤਕਾਰ ਅਤੇ ਕਤਲ ਦੇ ਦੋਸ਼ੀ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ 40 ਦਿਨਾਂ ਦੀ ਪੈਰੋਲ ‘ਤੇ ਜੇਲ੍ਹ ‘ਚੋਂ ਬਾਹਰ ਆਏ ਹੋਏ ਹਨ। ਡੇਰਾ ਸੱਚਾ ਸੌਦਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦਾ ਪੰਜਾਬ ਦੇ ਸਲਾਬਤਪੁਰਾ ਵਿੱਚ ਭਲਕੇ 29 ਜਨਵਰੀ ਨੂੰ ਸਤਿਸੰਗ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਰਾਮ ਰਹੀਮ ਇਸ ਸਮਾਗਮ ਵਿੱਚ ਨਿੱਜੀ ਤੌਰ ’ਤੇ ਹਾਜ਼ਰ ਨਹੀਂ ਹੋਵੇਗਾ ਕਿਉਂਕਿ ਉਹ ਯੂ.ਪੀ ਦੇ ਬਾਗਪਤ ਵਿੱਚ ਆਪਣੇ ਆਸ਼ਰਮ ਤੋਂ ਹੀ ਵੀਡੀਓ ਕਾਨਫਰੰਸ ਰਾਹੀਂ ਇਸ ਸਮਾਗਮ ਨੂੰ ਸੰਬੋਧਿਤ ਕਰੇਗਾ।
ਪੰਜਾਬ ਵਿਚਲੇ ਡੇਰਾ ਸੱਚਾ ਸੌਦਾ ਦੇ ਹੈੱਡਕੁਆਟਰ ਡੇਰਾ ਸਲਾਬਤਪੁਰਾ ਵਿਖੇ ਡੇਰਾ ਪ੍ਰੇਮੀਆਂ ਵੱਲੋਂ ਵੱਡੀ ਪੱਧਰ ‘ਤੇ ਇਸ ਸਮਾਗਮ ਨੂੰ ਲੈ ਕੇ ਤਿਆਰੀਆਂ ਆਰੰਭ ਕੀਤੀਆਂ ਹੋਈਆਂ ਹਨ ਅਤੇ ਡੇਰਾ ਪ੍ਰਬੰਧਕਾਂ ਵੱਲੋਂ ਡੇਰਾ ਸਲਾਬਤਪੁਰਾ ਵਿਖੇ ਇਸ ਵਰਚੂਅਲ ਸਤਿਸੰਗ ਨੂੰ ਲੈ ਕੇ ਤਿਆਰੀਆ ਜੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ ,ਉਥੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਸਤਿਸੰਗ ਨੂੰ ਲੈ ਕੇ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਗਏ ਹਨ।
ਸ਼ਾਹ ਸਤਿਨਾਮ ਸਿੰਘ ਜੀ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਪੰਜਾਬ ਦੀ ਸਾਧ ਸੰਗਤ ਵੱਲੋਂ ਭਲਕੇ 29 ਜਨਵਰੀ, ਦਿਨ ਐਤਵਾਰ ਨੂੰ ਸਵੇਰੇ 11 ਵਜੇ ਤੋਂ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ ਵਿਖੇ ਮਨਾਏ ਜਾ ਰਹੇ ‘ਪਵਿੱਤਰ ਐਮਐਸਜੀ ਭੰਡਾਰੇ’ ਸਬੰਧੀ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਇਸ ਭੰਡਾਰੇ ਨੂੰ ਲੈ ਕੇ ਡੇਰਾ ਪ੍ਰੇਮੀਆਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਰਾਮ ਰਹੀਮ ਬਰਨਾਵਾ (ਯੂਪੀ) ਆਸ਼ਰਮ ’ਚੋਂ ਵੀਡੀਓ ਕਾਨਫਰੰਸ ਰਾਹੀਂ ਸੰਗਤ ਦੇ ਰੂ-ਬ-ਰੂ ਹੋਣਗੇ।
ਇਸ ਪਵਿੱਤਰ ਭੰਡਾਰੇ ਪ੍ਰਤੀ ਸਾਧ ਸੰਗਤ ਦੇ ਉਤਸ਼ਾਹ ਨੂੰ ਦੇਖਦਿਆਂ ਮੁੱਖ ਪੰਡਾਲ ਤੋਂ ਇਲਾਵਾ ਹੋਰ ਵੀ ਕਈ ਪੰਡਾਲ ਤਿਆਰ ਕੀਤੇ ਗਏ ਹਨ ਤਾਂ ਜੋ ਡੇਰਾ ਪ੍ਰੇਮੀਆਂ ਨੂੰ ਬੈਠਣ ’ਚ ਕੋਈ ਮੁਸ਼ਕਿਲ ਨਾ ਆਵੇ। ਭੰਡਾਰੇ ਦੀਆਂ ਤਿਆਰੀਆਂ ਦੀ ਦੇਖ ਰੇਖ ਕਰ ਰਹੇ ਜਿੰਮੇਵਾਰ ਸੇਵਾਦਾਰਾਂ ਨੇ ਦੱਸਿਆ ਕਿ ਸਾਧ ਸੰਗਤ ਦੀ ਭਾਰੀ ਆਮਦ ਦੇ ਮੱਦੇਨਜ਼ਰ ਸੇਵਾਦਾਰਾਂ ਨੇ ਕੱਲ੍ਹ ਹੀ ਪੁੱਜ ਕੇ ਆਪੋ-ਆਪਣੀਆਂ ਡਿਊਟੀਆਂ ਸੰਭਾਲ ਲਈਆਂ ਸੀ, ਜਿੰਨ੍ਹਾਂ ਵੱਲੋਂ ਪਾਰਕਿੰਗ, ਲੰਗਰ, ਪਾਣੀ ਆਦਿ ਦੇ ਬਿਹਤਰ ਪ੍ਰਬੰਧ ਕੀਤੇ ਗਏ ਹਨ। ਇਸ ਸਤਿਸੰਗ ਨੂੰ ਲੈ ਕੇ ਪੁਲਿਸ ਵੱਲੋਂ 300 ਦੇ ਕਰੀਬ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ,ਇਸਦੇ ਨਾਲ 1 ਐਸ ਪੀ ਦੋ ਡੀਐਸਪੀ ਇਸ ਸ਼ਾਸਨ ਦੌਰਾਨ ਸੁਰੱਖਿਆ ਪ੍ਰਬੰਧਾਂ ਨੂੰ ਦੀ ਦੇਖ ਰੇਖ ਕਰਨਗੇ। ਇਸ ਤੋਂ ਪਹਿਲਾਂ ਪੰਜਾਬ ਵਿੱਚ ਹੈਡਕੁਆਟਰ ਡੇਰਾ ਸਲਾਬਤਪੁਰਾ ਵਿਖੇ ਵੀਡੀਓ ਕਾਨਫਰੰਸ ਰਾਹੀਂ ਸਤਿਸੰਗ ਨਵੰਬਰ 2022 ਵਿੱਚ ਹੋਈ ਸੀ। ਦੂਜੇ ਪਾਸੇ ਡੇਰਾ ਮੁਖੀ ਦੀ 40 ਦਿਨਾਂ ਦੀ ਪੈਰੋਲ ‘ਤੇ ਬਾਹਰ ਆਉਣ ਤੋਂ ਬਾਅਦ ਪੰਜਾਬ ਵਿਚ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਐਸਜੀਪੀਸੀ ਸਮੇਤ ਕਈ ਸਿਆਸੀ ਆਗੂਆਂ ਨੇ ਵੀ ਇਸ ਪੈਰੋਲ ’ਤੇ ਸਵਾਲ ਚੁੱਕੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਣ ਰਾਮ ਰਹੀਮ ਦੀ ਪੈਰੋਲ ਵਿਰੁੱਧ ਹਾਈ ਕੋਰਟ ਜਾਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦੇਣ ‘ਤੇ ਹਰਿਆਣਾ ਦੀ ਭਾਜਪਾ ਅਤੇ ਜੇਜੇਪੀ (ਜੇਜੇਪੀ) ਦੀ ਗਠਜੋੜ ਸਰਕਾਰ ‘ਤੇ ਸਵਾਲ ਉਠਾਏ ਗਏ ਹਨ।
ਦੱਸ ਦੇਈਏ ਕਿ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੇ ਗਣਤੰਤਰ ਦਿਵਸ ਤੋਂ ਇਕ ਦਿਨ ਪਹਿਲਾਂ ਤਲਵਾਰ ਨਾਲ ਕੇਕ ਕੱਟ ਕੇ ਇੱਕ ਹੋਰ ਵਿਵਾਦ ਖੜ੍ਹਾ ਕਰ ਦਿੱਤਾ ਸੀ ਅਤੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ਵਿਚ ਉਸ ਨੇ ਜੈਵਿਕ ਸਬਜ਼ੀਆਂ ਵਜੋਂ ਤਿਰੰਗੇ ਦੀ ਪੈਟਰਨ ਵਾਲੀ ਬੋਤਲ ਦੀ ਵਰਤੋਂ ਕਰਨ ਦਾ ਡੈਮੋ ਦੇਣ ਤੋਂ ਬਾਅਦ ਹੇਠਾਂ ਸੁੱਟ ਦਿੱਤਾ ਸੀ। ਵਿਵਾਦ ਪੈਦਾ ਹੋਣ ਤੋਂ ਬਾਅਦ ਰਾਮ ਰਹੀਮ ਨੇ ਸਪੱਸ਼ਟ ਕੀਤਾ ਸੀ ਕਿ ਇਹ ਰੰਗੀਨ ਬੋਤਲਾਂ ਸਨ, ਤਿਰੰਗਾ ਨਹੀਂ।