
ਬੁਢਲਾਡਾ 21 ਸਤੰਬਰ (ਸਾਰਾ ਯਹਾਂ/ਮਹਿਤਾ ਅਮਨ) ਇੱਥੋ ਨੇੜਲੇ ਪਿੰਡ ਰਾਮਗੜ੍ਹ ਦਰੀਆਪੁਰ ਦੇ ਰਜਵਾਹੇ ਵਿੱਚ ਰਾਤ ਸਮੇਂ ਪਾੜ ਲੱਗਣ ਕਾਰਨ ਲਗਭਗ 80—100 ਏਕੜ ਜਮੀਨ ਦੇ ਨਰਮੇ ਅਤੇ ਝੋਨੇ ਦੀ ਫਸਲ ਦਾ ਨੁਕਸਾਨ ਹੋਣ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਨੇੜਲੇ ਕਿਸਾਨਾਂ ਨੇ ਦੱਸਿਆ ਕਿ ਰਾਤ ਦੇ 2 ਵਜੇ ਕਰੀਬ ਰਜਵਾਹੇ ਵਿੱਚ ਪਾਣੀ ਵੱਧਣ ਕਾਰਨ ਬੰਨ੍ਹ ਟੁੱਟ ਗਿਆ ਅਤੇ ਸੈਂਕੜੇ ਏਕੜ ਜਮੀਨ ਚ ਲੱਗੀ ਨਰਮੇ ਅਤੇ ਝੋਨੇ ਦੀ ਫਸਲ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਦੱਸਿਆ ਕਿ ਰਜਵਾਹੇ ਦੇ ਪਾੜ ਦਾ ਮੁੱਖ ਕਾਰਨ ਰਜਵਾਹੇ ਅੰਦਰ ਬਹੁਤ ਘਾਹ ਫੂਸ ਦੀ ਸਫਾਈ ਨਾ ਹੋਣ ਕਰਕੇ ਹੋਇਆ ਹੈ। ਉਨ੍ਹਾਂ ਦੱਸਿਆ ਕਿ ਰਜਵਾਹੇ ਨੂੰ ਮਿੱਟੀ ਦੀਆਂ ਬੋਰੀਆ ਲਗਾ ਕੇ ਪਾਣੀ ਨੂੰ ਰੋਕ ਲਿਆ ਗਿਆ ਹੈ। ਇਸ ਮੌਕੇ ਆਲੇ ਦੁਆਲੇ ਦੇ ਕਿਸਾਨ ਮੌਜੂਦ ਸਨ।
