ਚੰਡੀਗੜ, 27 ਅਗਸਤ (ਸਾਰਾ ਯਹਾ, ਬਲਜੀਤ ਸ਼ਰਮਾ) ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਖਿਡਾਰੀਆਂ ਲਈ ਸੂਬਾ ਪੱਧਰੀ ਆਨਲਾਈਨ ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਇਤਿਹਾਸਕ ਮੌਕੇ ਦਾ ਗਵਾਹ ਸਬੰਧਤ ਜ਼ਿਲਿਆਂ ਦੇ ਜ਼ਿਲਾ ਖੇਡ ਅਫ਼ਸਰਾਂ ਤੇ ਕੋਚ ਅਤੇ ਖੇਡ ਵਿਭਾਗ ਦੇ ਮੁੱਖ ਦਫ਼ਤਰ ਦੇ ਸੀਨੀਅਰ ਅਧਿਕਾਰੀ ਬਣੇ, ਜਿਹੜੇ ਆਨਲਾਈਨ ਮਾਧਿਅਮ ਉਤੇ ਹਾਜ਼ਰ ਸਨ।
ਡਾਇਰੈਕਟਰ ਖੇਡਾਂ ਸ੍ਰੀ ਡੀ.ਪੀ.ਐਸ. ਖਰਬੰਦਾ ਦੀ ਹਾਜ਼ਰੀ ਵਿੱਚ ਆਪਣੀ ਸਰਕਾਰੀ ਰਿਹਾਇਸ਼ ਤੋਂ ਇਸ ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਰਾਣਾ ਸੋਢੀ ਨੇ ਕਿਹਾ ਕਿ ਇਹ ਆਨਲਾਈਨ ਸਿਖਲਾਈ ਪ੍ਰੋਗਰਾਮ ਖਿਡਾਰੀਆਂ ਨੂੰ ਤੰਦਰੁਸਤ ਰਹਿਣ ਵਿੱਚ ਮਦਦ ਕਰੇਗਾ ਅਤੇ ਕੋਵਿਡ-19 ਤੋਂ ਬਾਅਦ ਹੋਣ ਵਾਲੇ ਅਗਲੇ ਸੂਬਾਈ, ਕੌਮੀ ਤੇ ਕੌਮਾਂਤਰੀ ਮੁਕਾਬਲਿਆਂ ਲਈ ਤਿਆਰ ਰਹਿਣ ਦਾ ਰਾਹ ਖੋਲੇਗਾ। ਉਨਾਂ ਕਿਹਾ ਕਿ ਅਗਾਂਹ ਤੋਂ ਜ਼ਿਲਾ ਖੇਡ ਅਫ਼ਸਰ ਤੇ ਕੋਚ ਆਨਲਾਈਨ ਮਾਧਿਅਮ ਰਾਹੀਂ ਸਿਖਲਾਈ ਪ੍ਰੋਗਰਾਮ, ਨਵੀਆਂ ਖੇਡ ਤਕਨੀਕਾਂ ਤੇ ਨੁਕਤੇ ਅਤੇ ਰੋਜ਼ਾਨਾ ਖੁਰਾਕ ਸਾਰਣੀ ਸਿੱਧਾ ਖਿਡਾਰੀਆਂ ਨੂੰ ਭੇਜਣਗੇ ਤਾਂ ਕਿ ਉਨਾਂ ਦਾ ਸਰੀਰ ਫੁਰਤੀਲਾ ਬਣਿਆ ਰਿਹਾ।
ਬਾਅਦ ਵਿੱਚ ਸੀਨੀਅਰ ਅਧਿਕਾਰੀਆਂ, ਜ਼ਿਲਾ ਖੇਡ ਅਫ਼ਸਰਾਂ, ਕੋਚਾਂ ਤੇ ਹੋਰ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਖੇਡ ਮੰਤਰੀ ਨੇ ਕਿਹਾ ਕਿ ਸਿਖਲਾਈ ਤੋਂ ਇਲਾਵਾ ਖਿਡਾਰੀਆਂ ਨੂੰ ਕੋਵਿਡ-19 ਦੇ ਫੈਲਾਅ ਨੂੰ ਰੋਕਣ ਸਬੰਧੀ ਸਿਹਤ ਪ੍ਰੋਟੋਕੋਲ ਤੇ ਹੋਰ ਇਹਤਿਆਤੀ ਕਦਮਾਂ ਬਾਰੇ ਵੀ ਦੱਸਿਆ ਜਾਣਾ ਚਾਹੀਦਾ ਹੈ। ਉਨਾਂ ਕਿਹਾ ਕਿ ਸਾਡਾ ਮੰਤਵ ਖਿਡਾਰੀਆਂ ਨੂੰ ਮੈਦਾਨ ਵਿੱਚ ਵਾਪਸੀ ਲਈ ਤਿਆਰ ਰੱਖਣਾ ਹੈ।
ਇਸ ਮੌਕੇ ਡਿਪਟੀ ਡਾਇਰੈਕਟਰ ਖੇਡਾਂ ਕਰਤਾਰ ਸਿੰਘ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
———–