ਚੰਡੀਗੜ੍ਹ 27,ਸਤੰਬਰ (ਸਾਰਾ ਯਹਾਂ/ਬਿਊਰੋ ਰਿਪੋਰਟ ): ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਦੀ ਕੈਬਨਿਟ ਦਾ ਵਿਸਥਾਰ ਹੋ ਗਿਆ ਹੈ।ਇਸ ਵਿੱਚ ਕਈ ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ।ਇਨ੍ਹਾਂ ਵਿੱਚ ਰਾਣਾ ਗੁਰਜੀਤ ਸਿੰਘ ਦਾ ਨਾਮ ਦਾ ਵੀ ਸ਼ਾਮਲ ਹੈ।ਰਾਣਾ ਗੁਰਜੀਤ ਦੇ ਨਾਮ ਦੇ ਕਾਫੀ ਵਿਵਾਦ ਸੀ ਕਈ ਵਿਧਾਇਕਾਂ ਨੇ ਚਿੱਠੀ ਲਿਖ ਕਿ ਮੰਗ ਕੀਤੀ ਸੀ ਰਾਣਾ ਗੁਰਜੀਤ ਨੂੰ ਮੰਤਰੀ ਮੰਡਲ ‘ਚ ਸ਼ਾਮਲ ਨਾ ਕੀਤਾ ਜਾਵੇ।ਪਰ ਬਾਵਜੂਦ ਇਸ ਦੇ ਰਾਣਾ ਗੁਰਜੀਤ ਨੇ ਅੱਜ ਮੰਤਰੀ ਵਜੋਂ ਸਹੁੰ ਚੁੱਕੀ ਹੈ।
‘ਆਪ’ ਨੇ ਰਾਣਾ ਗੁਰਜੀਤ ਦੇ ਮੰਤਰੀ ਬਣਨ ਤੇ ਇਤਰਾਜ਼ ਜਤਾਇਆ ਹੈ।ਆਪ ਨੇ ਕਿਹਾ, “ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਲੱਥਪੱਥ ਵਿਅਕਤੀਆਂ ਨੂੰ ਮੰਤਰੀ ਵਜੋਂ ਸ਼ਾਮਲ ਕਰਨਾ ਲੋਕਤੰਤਰ ਦੀ ਤੌਹੀਨ ਹੈ।ਆਮ ਆਦਮੀ ਪਾਰਟੀ ਇਸ ਦੀ ਨਿਖੇਧੀ ਕਰਦੀ ਹੈ।”
ਚੰਡੀਗਡ਼੍ਹ ਹੈੱਡਕੁਆਰਟਰ ਤੋਂ ਜਾਰੀ ਆਪਣੇ ਬਿਆਨ ਰਾਹੀਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ “ਨਵੀਂ ਕੈਬਨਿਟ ਵਿਚ ਦਾਗੀ ਮੰਤਰੀਆਂ ਦੀ ਸ਼ਮੂਲੀਅਤ ਤੋਂ ਇਹ ਸਪਸ਼ਟ ਹੋ ਗਿਆ ਹੈ ਕਿ ਚਰਨਜੀਤ ਸਿੰਘ ਚੰਨੀ ਵੀ ਇਸੇ ਹੀ ਗੈਂਗ ਦਾ ਹਿੱਸਾ ਹਨ ਅਤੇ ਕਾਂਗਰਸ ਸਿਰਫ਼ ਮੁੱਖ ਮੰਤਰੀ ਦਾ ਚਿਹਰਾ ਬਦਲ ਕੇ ਇੱਕ ਵਾਰ ਫੇਰ ਲੋਕਾਂ ਦੀਆਂ ਵੋਟਾਂ ਲੁੱਟਣ ਉੱਤੇ ਉਤਾਰੂ ਹੈ।”
ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਪੰਜਾਬ ਦੀ ਕੈਬਨਿਟ ਵਿੱਚ ਮਾਫੀਆ ਰਾਜ ਚਲਾਉਣ ਵਾਲੇ ਲੋਕਾਂ ਨੂੰ ਸ਼ਾਮਲ ਕਰਕੇ ਪੰਜਾਬ ਦੇ ਕੁਦਰਤੀ ਸਰੋਤਾਂ ਨੂੰ ਹੋਰ ਲੁੱਟਣਾ ਚਾਹੁੰਦਾ ਹੈ।
ਚੀਮਾ ਨੇ ਕਿਹਾ ਕਿ, “ਇਸ ਤੋਂ ਪਹਿਲਾਂ ਸਾਢੇ ਚਾਰ ਸਾਲ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਕਰੀਬੀਆਂ ਨੇ ਪੰਜਾਬ ਨੂੰ ਖ਼ੂਬ ਲੁੱਟਿਆ ਅਤੇ ਹੁਣ ਚੋਣਾਂ ਦੇ ਨੇੜੇ ਲੋਕਾਂ ਦੇ ਵਿਰੋਧ ਤੋਂ ਬਚਣ ਲਈ ਕਾਂਗ ਰਸ ਨੇ ਉਨ੍ਹਾਂ ਨੂੰ ਬਦਲ ਕੇ ਪਾਕ ਸਾਫ਼ ਹੋਣ ਦਾ ਢੌਂਗ ਕੀਤਾ ਹੈ।”
ਉਨ੍ਹਾਂ ਨੇ ਕਿਹਾ ਕਿ “ਪੰਜਾਬ ਦੇ ਲੋਕਾਂ ਨੂੰ ਚਰਨਜੀਤ ਸਿੰਘ ਚੰਨੀ ਤੋਂ ਭਾਰੀ ਉਮੀਦਾਂ ਸਨ ਕਿ ਸ਼ਾਇਦ ਉਹ ਕੁਝ ਅਲੱਗ ਕਰਨਗੇ ਕਿਉਂ ਜੋ ਉਹ ਆਮ ਆਦਮੀ ਹੋਣ ਦਾ ਦਾਅਵਾ ਕਰਦੇ ਹਨ ਪ੍ਰੰਤੂ ਉਨ੍ਹਾਂ ਦੀ ਕਹਿਣੀ ਅਤੇ ਕਥਨੀ ਵਿੱਚ ਜ਼ਮੀਨ ਆਸਮਾਨ ਦਾ ਫ਼ਰਕ ਸਾਫ਼ ਦਿਖਾਈ ਦਿੱਤਾ ਹੈ।”
ਚੀਮਾ ਨੇ ਕਿਹਾ ਕਿ “ਕਾਂਗਰਸ ਨੇ ਮੁੱਖ ਮੰਤਰੀ ਦਾ ਮਖੌਟਾ ਬਦਲ ਕੇ ਸਿਰਫ਼ ਅਲੀਬਾਬਾ ਹੀ ਬਦਲਿਆ ਹੈ ਜਦੋਂ ਕਿ ਉਨ੍ਹਾਂ ਦੇ ਚਾਲੀ ਚੋਰ ਹੁਣ ਵੀ ਉੱਥੇ ਹੀ ਮੌਜੂਦ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਪੱਸ਼ਟ ਕਰਨ ਕਿ ਹੁਣ ਉਨ੍ਹਾਂ ਦਾ ਰਾਣਾ ਗੁਰਜੀਤ ਦੇ ਬਾਰੇ ਕੀ ਵਿਚਾਰ ਹੈ।”
ਕਾਂਗਰਸ ਦੇ ਵਿਧਾਇਕਾਂ ਵੱਲੋਂ ਰਾਣਾ ਗੁਰਜੀਤ ਨੂੰ ਕੈਬਨਿਟ ‘ਚ ਨਾ ਸ਼ਾਮਲ ਕਰਨ ਬਾਰੇ ਗਾਂਧੀ ਪਰਿਵਾਰ ਨੂੰ ਲਿਖੇ ਪੱਤਰ ਉੱਤੇ ਬੋਲਦਿਆਂ ਚੀਮਾ ਨੇ ਕਿਹਾ ਕਿ “ਇਹ ਆਮ ਆਦਮੀ ਪਾਰਟੀ ਦੇ ਉਸ ਦੋਸ਼ ਨੂੰ ਸਿੱਧ ਕਰਦਾ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਰਾਣਾ ਗੁਰਜੀਤ ਪੰਜਾਬ ਵਿੱਚ ਰੇਤ ਮਾਫੀਆ ਦਾ ਸਰਗਨਾ ਹੈ।”
ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਗੁਰਕੀਰਤ ਸਿੰਘ ਕੋਟਲੀ ਨੂੰ ਪੰਜਾਬ ਦੀ ਕੈਬਨਿਟ ਵਿੱਚ ਸ਼ਾਮਲ ਕਰਨ ਉੱਤੇ ਸਖ਼ਤ ਇਤਰਾਜ਼ ਜ਼ਾਹਿਰ ਕਰਦਿਆਂ ਚੀਮਾ ਨੇ ਕਿਹਾ ਕਿ ਅੰਤਰਰਾਸ਼ਟਰੀ ਧੀ ਦਿਵਸ ਦੇ ਮੌਕੇ ਉੱਤੇ ਧੀਆਂ ਦੀ ਪੱਤ ਡਾ ਫਰੋਲਣ ਵਾਲੇ ਕੋਟਲੀ ਨੂੰ ਕੈਬਨਿਟ ਵਿੱਚ ਸ਼ਾਮਲ ਕਰਨਾ ਅਤਿ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਇਸ ਉੱਤੇ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ।