
ਦਾਤੇਵਾਸ (ਬਰੇਟਾ)/ਮਾਨਸਾ, 25 ਜਨਵਰੀ (ਸਾਰਾ ਯਹਾ/ਜੋਨੀ ਜਿੰਦਲ): ਰਾਜ ਪੱਧਰੀ ਸਵੈ ਰੋਜ਼ਗਾਰ ਮੇਲਾ ਅਤੇ ਰਾਸ਼ਟਰੀ ਬਾਲ ਕੰਨਿਆ ਦਿਵਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਦਾਤੇਵਾਸ ਵਿਖੇ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੁਆਰਾ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਕੈਬਨਿਟ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਮੁੱਖ ਮਹਿਮਾਨ ਦੇ ਤੌਰ ‘ਤੇ ਸਿ਼ਰਕਤ ਕੀਤੀ।
ਇਸ ਦੌਰਾਨ ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਮਿਸ਼ਨ ਤਹਿਤ ਦਿਹਾਤੀ ਇਲਾਕਿਆਂ ਦੇ ਨੌਜਵਾਨ ਜਿੰਨ੍ਹਾਂ ਨੇ ਪਿਛਲੇ ਥੋੜ੍ਹੇ ਸਮੇਂ ਵਿਚ ਆਪਣੇ ਲਈ ਰੋਜ਼ਗਾਰ ਅਤੇ ਸਵੈ ਰੋਜ਼ਗਾਰ ਹਾਸਲ ਕੀਤਾ, ਉਨ੍ਹਾਂ ਨੌਜਵਾਨਾਂ ਦਾ ਸਨਮਾਨ ਕੀਤਾ ਗਿਆ। ਇਸ ਤਹਿਤ 50 ਰਾਸ਼ਨ ਡਿਪੂ ਦੇ ਅਲਾਟੀ, ਸਵੈ ਰੋਜ਼ਗਾਰ ਹਾਸਲ ਕਰ ਆਪਣੇ ਪੈਰਾਂ *ਤੇ ਖੜ੍ਹੇ ਹੋਣ ਵਾਲੇ 35 ਨੌਜਵਾਨ, ਰੋਜ਼ਗਾਰ ਪ੍ਰਾਪਤ ਕਰਨ ਵਾਲੇ 35 ਨੌਜਵਾਨ ਅਤੇ 5 ਅਪੰਗ ਉਮੀਦਵਾਰ, ਜਿੰਨ੍ਹਾਂ ਨੇ ਆਪਣੇ ਲਈ ਸਵੈ ਰੋਜ਼ਗਾਰ ਨੂੰ ਚੁਣਿਆ ਹੈ, ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਰਾਸ਼ਟਰੀ ਬਾਲ ਕੰਨਿਆ ਦਿਹਾੜੇ ਦੇ ਸਬੰਧ ਵਿੱਚ ਕੈਬਨਿਟ ਮੰਤਰੀ ਵੱਲੋਂ ਕੁਝ ਨਵ ਜੰਮੀਆਂ ਬੱਚੀਆਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੰਦਿਆਂ ਤੋਹਫ਼ੇ ਪ੍ਰਦਾਨ ਕੀਤੇ ਗਏ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਦੁਆਰਾ ਪਿੰਡ ਦਾਤੇਵਾਸ ਵਿਖੇ ਸ਼ਹੀਦ ਜੋਗਿੰਦਰ ਸਿੰਘ ਦੀ ਯਾਦ ਵਿਚ 60 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਗਏ ਸਟੇਡੀਅਮ ਦਾ ਉਦਘਾਟਨ ਵੀ ਕੀਤਾ ਗਿਆ।

ਇਸ ਮੌਕੇ ਵਿਧਾਇਕ ਮਾਨਸਾ ਨਾਜਰ ਸਿੰਘ ਮਾਨਸ਼ਾਹੀਆ, ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫ਼ਰ, ਚੇਅਰਮੈਨ ਜਿ਼ਲ੍ਹਾ ਪਰਿਸ਼ਦ ਬਿਕਰਮ ਮੋਫ਼ਰ, ਮੈਂਬਰ ਆਲ ਇੰਡੀਆ ਕਾਂਗਰਸ ਕਮੇਟੀ ਕੁਲਵੰਤ ਸਿੰਗਲਾ,ਗਿਆਨ ਚੰਦ ਸਿੰਗਲਾ ਚੈਅਰਮੈਨ ਮਾਰਕਿਟ ਕਮੇਟੀ, ਮੈਡਮ ਰਣਜੀਤ ਕੌਰ ਭੱਟੀ, ਚੇਅਰਮੈਨ ਬਲਾਕ ਸੰਮਤੀ ਕਰਮਜੀਤ ਕੌਰ, ਡਿਪਟੀ ਕਮਿਸ਼ਨਰ ਮਹਿੰਦਰ ਪਾਲ, ਐਸ.ਐਸ.ਪੀ. ਸੁਰੇਂਦਰ ਲਾਂਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਅਮਰਪ੍ਰੀਤ ਕੌਰ, ਐਸ.ਡੀ.ਐਮ. ਬੁਢਲਾਡਾ ਸਾਗਰ ਸੇਤੀਆ ਮੌਜੂਦ ਸਨ।
