ਫਗਵਾੜਾ 12 ਨਵੰਬਰ (ਸਾਰਾ ਯਹਾਂ/ਸ਼ਿਵ ਕੋੜਾ) ਬਿ੍ਰਟੇਨ ਅਧਾਰਤ ਸਮਾਜ ਸੇਵੀ ਜੱਥੇਬੰਦੀ ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ ਯੂ.ਕੇ. (ਬੀ.ਆਰ.ਐਚ.ਐਫ.) ਵਲੋਂ ਸੰਤ ਸਤਨਾਮ ਸਿੰਘ ਨਰੂੜ ਅਤੇ ਸੰਤ ਬੇਲਾ ਦਾਸ ਨਰੂੜ ਨੂੰ ਭਾਰਤੀ ਸ਼ਾਖਾ ਦਾ ਸਰਪ੍ਰਸਤ ਨਿਯੁਕਤ ਕੀਤਾ ਹੈ, ਜਦਕਿ ਕਿ ਰਾਜੇਸ਼ ਬਾਘਾ ਨੂੰ ਫਾਊਂਡੇਸ਼ਨ ਦਾ ਆਲ ਇੰਡੀਆ ਪ੍ਰਧਾਨ ਅਤੇ ਬਲਬੀਰ ਰਾਮ ਰਤਨ ਨੂੰ ਅਗਲੇ ਤਿੰਨ ਸਾਲ ਲਈ ਜਨਰਲ ਸਕੱਤਰ (ਭਾਰਤੀ ਸ਼ਾਖਾ) ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਨਿਯੁਕਤੀ ਪੱਤਰ ਉਨ੍ਹਾਂ ਨੂੰ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਓਮ ਪ੍ਰਕਾਸ਼ ਬਾਘਾ ਅਤੇ ਜਨਰਲ ਸਕੱਤਰ ਸਤਪਾਲ ਨੇ ਭੇਂਟ ਕੀਤੇ। ਨਿਯੁਕਤੀ ਪੱਤਰਾਂ ਵਿੱਚ ਕਿਹਾ ਗਿਆ ਹੈ ਕਿ ਰਾਜੇਸ਼ ਬਾਘਾ ਸਮੇਤ ਸਮੂਹ ਪਤਵੰਤਿਆਂ ਦੀ ਸਮਾਜ ਅਤੇ ਮਨੁੱਖਤਾ ਪ੍ਰਤੀ ਸਮਰਪਣ ਭਾਵਨਾ ਅਤੇ ਸੇਵਾਵਾਂ ਨੂੰ ਮੁੱਖ ਰੱਖਦਿਆਂ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਤਾਂ ਜੋ ਉਹ ਫਾਊਂਡੇਸ਼ਨ ਦੀਆਂ ਸਮਾਜ ਸੇਵੀ ਗਤੀਵਿਧੀਆਂ ਨੂੰ ਭਾਰਤ ਵਿੱਚ ਅੱਗੇ ਤੋਰ ਸਕਣ। ਉਨ੍ਹਾਂ ਦੇ ਨਾਲ ਵਰਿੰਦਰ ਸ਼ਰਮਾ ਨੂੰ ਭਾਰਤੀ ਸ਼ਾਖਾ ਦੇ ਖਜ਼ਾਨਚੀ ਵਜੋਂ ਸੇਵਾ ਸੰਭਾਲੀ ਗਈ ਹੈ। ਇਸ ਦੌਰਾਨ ਮਹੰਤ ਪੁਰਸ਼ੋਤਮ ਲਾਲ ਅਤੇ ਮਹੰਤ ਗੁਰਵਿੰਦਰ ਸਿੰਘ ਦੀ ਹਾਜ਼ਰੀ ਵਿੱਚ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਓਮ ਪ੍ਰਕਾਸ਼ ਬਾਘਾ ਨੇ ਦੱਸਿਆ ਕਿ ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ ਦੀ ਸਥਾਪਨਾ 2019 ਵਿੱਚ ਹੋਈ ਸੀ। ਜਿਸਦਾ ਮੁੱਖ ਦਫਤਰ ਯੂ.ਕੇ. ਵਿੱਚ ਹੈ, ਪਰ ਇਸ ਸੰਸਥਾ ਦੀਆਂ ਗਤੀਵਿਧੀਆਂ ਸਿਰਫ਼ ਯੂ.ਕੇ. ਤੱਕ ਹੀ ਸੀਮਤ ਨਹੀਂ ਹਨ। ਗੁਰੂ ਰਵਿਦਾਸ ਜੀ ਦੇ ਜੀਵਨ ’ਤੇ ਚਾਨਣਾ ਪਾਉਂਦੇ ਹੋਏ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕਰਨ ਲਈ ਅਕਸਰ ਕਈ ਦੇਸ਼ਾਂ ਦੀ ਯਾਤਰਾ ਕਰਕੇ ਗੁਰੂ ਸਾਹਿਬ ਦੇ ਜੀਵਨ ਫਲਸਫੇ ਅਤੇ ਸਿੱਖਿਆਵਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੰਸਥਾ ਦੀ ਭਾਰਤੀ ਸ਼ਾਖਾ ਸ਼ੁਰੂ ਕਰਨ ਨਾਲ ਗੁਰੂ ਰਵਿਦਾਸ ਮਹਾਰਾਜ ਜੀ ਦੇ ਭਾਰਤੀ ਪੈਰੋਕਾਰਾਂ ਨੂੰ ਉਨ੍ਹਾਂ ਬਾਰੇ ਹੋਰ ਜਾਣਨ ਲਈ ਇੱਕ ਪਲੇਟਫਾਰਮ ਮੁਹੱਈਆ ਹੋਵੇਗਾ ਅਤੇ ਹੋਰਨਾਂ ਤੱਕ ਭਾਈਚਾਰਕ ਸਾਂਝ ਦੇ ਸੰਦੇਸ਼ ਨੂੰ ਫੈਲਾਉਣ ਅਤੇ ਸਮਾਜਿਕ ਤਾਣੇ-ਬਾਣੇ ਨੂੰ ਮਜ਼ਬੂਤ ਕਰਨ ਵਿੱਚ ਵੀ ਮਦਦ ਮਿਲੇਗੀ।