
(ਸਾਰਾ ਯਹਾਂ/ਬਿਊਰੋ ਨਿਊਜ਼ ) : ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ (Rajiv Gandhi) ਦੀ ਹੱਤਿਆ ਦੇ ਦੋਸ਼ੀ ਨਲਿਨੀ ਸ਼੍ਰੀਹਰਨ ਨੂੰ ਸ਼ਨੀਵਾਰ 12 ਨਵੰਬਰ, 2022 ਨੂੰ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ। ਸ਼ੁੱਕਰਵਾਰ 11 ਨਵੰਬਰ ਨੂੰ ਸੁਪਰੀਮ ਕੋਰਟ ਨੇ ਕਤਲ ਕੇਸ ਦੇ ਸਾਰੇ 6 ਦੋਸ਼ੀਆਂ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ। ਨਲਿਨੀ ਸ਼੍ਰੀਹਰਨ ਨੂੰ ਜੇਲ੍ਹ ਤੋਂ ਰਿਹਾਅ ਕਰਨ ਤੋਂ ਪਹਿਲਾਂ ਤਾਮਿਲਨਾਡੂ ਦੀ ਵੇਲੋਰ ਪੁਲਿਸ ਨੇ ਰੁਟੀਨ ਪ੍ਰਕਿਰਿਆ ਨੂੰ ਅੰਜਾਮ ਦਿੱਤਾ।
ਜੇਲ੍ਹ ਤੋਂ ਰਿਹਾਅ ਹੋਣ ਤੋਂ ਪਹਿਲਾਂ ਨਲਿਨੀ ਅੱਜ ਸਵੇਰੇ ਵੇਲੋਰ ਥਾਣੇ ਵੀ ਗਈ ਸੀ, ਜਿੱਥੇ ਉਸ ਨੇ ਪੈਰੋਲ ਦੀਆਂ ਸ਼ਰਤਾਂ ਤਹਿਤ ਆਪਣੀ ਹਾਜ਼ਰੀ ਦਰਜ ਕਰਵਾਈ ਸੀ। ਦਿਨ ਵੇਲੇ ਉਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਸੀ ,ਜਿਸ ਵਿੱਚ ਪੁਲੀਸ ਉਸ ਨੂੰ ਵੈਨ ਵਿੱਚ ਬਿਠਾ ਕੇ ਲੈ ਜਾ ਰਹੀ ਸੀ। ਉਸ ਨੇ ਸਮੇਂ ਤੋਂ ਪਹਿਲਾਂ ਰਿਹਾਈ ਦੀ ਮੰਗ ਲਈ ਦੇਸ਼ ਦੀ ਸਰਵਉੱਚ ਅਦਾਲਤ ਤੱਕ ਪਹੁੰਚ ਕੀਤੀ ਸੀ। ਕਾਂਗਰਸ ਨੇ ਰਿਹਾਈ ਦੇ ਇਸ ਫੈਸਲੇ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਨਲਿਨੀ ਨੇ ਆਪਣੇ ਬਾਰੇ ਕਿਹਾ ਕਿ ਉਹ ਅੱਤਵਾਦੀ ਨਹੀਂ ਹੈ।
