
ਗਿੱਦੜਬਾਹਾ 05,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ) : ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ‘ਤੇ ਤਿੱਖੇ ਸ਼ਬਦੀ ਵਾਰ ਕੀਤੇ ਹਨ। ਰਾਜਾ ਵੜਿੰਗ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਸੁਖਬੀਰ ਬਾਦਲ ਦੀਆਂ ਧਮਕੀਆਂ ਤੋਂ ਡਰਨ ਦੀ ਕੋਈ ਲੋੜ ਨਹੀਂ। ਵੜਿੰਗ ਨੇ ਤਿੱਖੇ ਸੁਰ ਵਿੱਚ ਬੋਲਦੇ ਹੋਏ ਸੁਖਬੀਰ ਬਾਦਲ ਨੂੰ ਡਾਕੂ ਤਕ ਕਹਿ ਦਿੱਤਾ। ਦਰਅਸਲ, ਸੁਖਬੀਰ ਬਾਦਲ ਨੇ ਰਾਜਾ ਵੜਿੰਗ ਤੇ ਇਲਜ਼ਾਮ ਲਏ ਸੀ ਕਿ ਉਹ ਅਕਾਲੀਆਂ ਤੇ ਝੂਠੇ ਪਰਚੇ ਦਰਜ ਕਰਵਾ ਰਿਹਾ ਹੈ ਤੇ ਸੱਤਾ ਵਿੱਚ ਹੋਣ ਦਾ ਫਾਇਦਾ ਲੈ ਰਿਹਾ ਹੈ।
ਵਾੜਿੰਗ ਨੇ ਸੁਖਬੀਰ ਨੂੰ ਜਵਾਬ ਦਿੰਦੇ ਹੋਏ ਕਿਹਾ, “ਇਹ ਵੱਡਾ ਗੁੰਡਾ ਹੈ, ਭੱਜਦਿਆਂ ਨੂੰ ਵਾਣ ਇੱਕੋ ਜਿਹਾ ਹੀ ਹੁੰਦਾ। ਭਾਵੇਂ ਸੁਖਬੀਰ ਹੋਵੇ ਭਾਵੇਂ ਕੋਈ ਹੋਰ ਗੁੰਡਾ। ਐਸਡੀਐਮ ਸਾਹਿਬ ਤੇ ਡੀਸੀ ਸਾਹਿਬ ਇਨ੍ਹਾਂ ਤੋਂ ਡਰਨ ਦੀ ਕੋਈ ਲੋੜ ਨਹੀਂ। ਇਸ ਦੀਆਂ ਡਾਇਰੀਆਂ ਕੁਝ ਨਹੀਂ ਕਰ ਸਕਦੀਆਂ। ਇਸ ਨੂੰ ਸੁਰਿੰਦਰ ਪਾਲ ਐਸਐਸਪੀ ਨੇ ਜੇਲ੍ਹ ਵਿੱਚ ਪਾਇਆ ਸੀ। ਇਹ ਉਸ ਦਾ ਕੁਝ ਵੀ ਨਹੀਂ ਵਿਗਾੜ ਸਕੇ ਸੀ।”
ਸੁਖਬੀਰ ਬਾਦਲ ਨੇ ਕਿਹਾ ਸੀ ਕਿ, “ਰਾਜਾ ਵੜਿੰਗ ਸੋਚਦਾ ਹੈ ਕਿ ਅੱਜ ਪਾਵਰ ਵਿੱਚ ਹੈ ਤਾਂ ਕਾਨੂੰਨ ਦਾ ਜਿਦਾਂ ਮਰਜ਼ੀ ਇਸਤਮਾਲ ਕਰਾਂ ਪਰ ਦਿਨਾਂ ਇੱਕੋ ਜਿਹੇ ਨਹੀਂ ਰਹਿੰਦੇ। ਇਹ ਤਾਂ ਡਰਪੋਕ ਹੈ ਤੇ ਜਿਸ ਢੰਗ ਨਾਲ ਝੂਠੇ ਪਰਚੇ ਦਿੱਤੇ ਜਾ ਰਹੇ ਹਨ। ਇੱਕ ਦਿਨ ਵੀ ਰਾਜਾ ਵੜਿੰਗ ਬਚ ਨਹੀਂ ਸਕਦਾ।”
ਸੁਖਬੀਰ ਬਾਦਲ ਨੇ ਪੁਲਿਸ ਨੂੰ ਧਮਕੀ ਦਿੰਦੇ ਹੋਏ ਵੀ ਕਿਹਾ ਸੀ ਕਿ “ਜਿਹੜੇ ਪੁਲਿਸ ਵਾਲੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਂਦੇ ਹਨ, ਉਨ੍ਹਾਂ ਦੀਆਂ ਇਸ ਵਾਰ ਬਦਲੀਆਂ ਨਹੀਂ ਹੋਣੀਆਂ ਸਿੱਧਾ ਨੌਕਰੀ ਤੋਂ ਡਿਸਮਿਸ ਕੀਤਾ ਜਾਏਗਾ।”
